ਬਾਤਾਂ ਵਾਲੇ ਬਾਈ
ਸਮਰਜੀਤ ਸਿੰਘ ਸ਼ਮੀ
ਸਿਆਣੇ ਬੰਦੇ ਦੀ ਮੰਜੀ ਦੁਆਲੇ ਜੁਆਕਾਂ ਦਾ ਝੁਰਮੁਟ ਲਗਪਗ ਬੀਤੇ ਵੇਲੇ ਦੀ ਗੱਲ ਬਣ ਗਿਆ ਹੈ ਅਜੋਕੇ ਘਰਾਂ ਵਿੱਚ ਹਰ ਮੈਂਬਰ ਦਾ ਆਪਣਾ ਕਮਰਾ ਤੇ ਆਪਣਾ ਸੀਮਿਤ ਦਾਇਰਾ ਹੈ ਇਕੱਲਤਾ ਦੇ ਜੰਗਲ ਵਿਚੋਂ ਗੁਜ਼ਰਦਿਆਂ ਕਈ ਵਾਰੀ ਕੋਈ ਪੁਰਾਣੀ ਯਾਦ ਆਪ ਮੁਹਾਰੇ ਸੱਜਰੀ ਮਹਿਕ ਬਣਕੇ ਕੋਲੋਂ ਲੰਘਦੀ ਹੈ ਅਤੀਤ ਦੇ ਅਸੀਮ ਅਨੰਤ ਵਿਚ ਸਮਾਏ ਪਾਤਰ ਜਿਵੇਂ ਫਿਰ ਤੋਂ ਗੱਲਾਂ ਕਰਨ ਲਗਦੇ ਹਨ
ਛੁੱਟੀਆਂ ਵਿਚ ਅਸੀਂ ਆਪਣੇ ਨਾਨਕੇ ਤੇ ਦਾਦਕੇ ਪਿੰਡਾਂ ਦੇ ਗੇੜੇ ਲਾਉਂਦੇ ਆਪਣੇ ਨਾਨੇ ਨੂੰ ਮਾਮਿਆਂ ਦੀ ਰੀਸੇ ਅਸੀਂ ਵੀ ਬਾਈ ਆਖ਼ਦੇ ਬਾਈ ਨੇ ਸ਼ਾਮ ਢਲੇ ਘਰ ਪਰਤਣਾ ਅਤੇ ਰੋਟੀ ਟੁੱਕ ਮਗਰੋਂ ਸਭ ਨੇ ਬਾਈ ਦੇ ਮੰਜੇ ਦੁਆਲੇ ਕੱਠੇ ਹੋ ਜਾਣਾ ‘ਬਾਈ ਕਹਾਣੀ ਸੁਣਾ …’ ਆਲ੍ਹਾ ਊਦਲ ਆਲ਼ੀ … ਜਾਂ ਫਿਰ ਜਾਨੀ ਚੋਰ … ‘
‘ਚੁੱਪ ਕਰਕੇ ਸੌਂ ਜੋ ਓਇ ਭਾਈ .. ਤੜਕੇ ਸਾਝਰੇ ਮੈਂ ਕੰਮ ਤੇ ਜਾਣੈ .. ਬੜੀ ਵਾਟ ਐ ! ਸੌਣ ਦਿਓ ਘੜੀ ਬਿੰਦ …’
‘ਨਹੀਂ ਬਾਈ … ਚੱਲ ਫ਼ੇਰ ਕੌਰੂ-ਪਾਂਡੂਆਂ ਆਲ਼ੀ ਕਥਾ ਚੋਂ ਭੋਰਾ ਕੁ ਸੁਣਾ ਦੇ … ਹਾੜ੍ਹੇ ਹਾੜ੍ਹੇ !!’
‘ਆਹੋ ਬਾਈ … ਮੈਂ ਚਾਹ ਧਰ ਲੈਂਦੀ ਆਂ ਓਨੀ ਦੇਰ …’ ਕੋਈ ਸੁਰੀਲੀ ਆਵਾਜ਼ ਟਹਿਕਦੀ
ਬਾਈ ਨੇ ਉੱਠ ਕੇ ਬਹਿ ਜਾਣਾ ਅਤੇ ਇਉਂ ਕਥਾ ਕਹਾਣੀ ਸ਼ੁਰੂ ਕਰਨੀ ਜਿਵੇਂ ਕੋਈ ਬਹੁਤ ਕਰਨੀ ਵਾਲੇ ਸੰਤ ਨੇ ਕਲਯੁਗੀ ਜੀਵਾਂ ਨੂੰ ਤਾਰਨ ਖ਼ਾਤਰ ਹੁਣੇ ਹੁਣੇ ਧਰਤੀ ਤੇ ਅਵਤਾਰ ਧਾਰਿਆ ਹੋਵੇ ਕਹਾਣੀ ਪਰਤ ਦਰ ਪਰਤ ਚਲਦੀ ਅਤੇ ਟਿਕੀ ਰਾਤ ਵਿੱਚ ਸਾਰੇ ਜੀਅ ਅੰਤਰਧਿਆਨ ਹੋ ਕੇ ਇਉ ਸੁਣਦੇ, ਜਿਵੇਂ ਕਿਸੇ ਨੇ ਕੀਲ ਕੇ ਬਿਠਾ ਦਿੱਤੇ ਹੋਣ
ਕਿਸੇ ਨੂੰ ਚਿੱਤ ਚੇਤੇ ਨਹੀਂ ਰਹਿੰਦਾ ਕਿ ਅੱਜ ਸਾਰਾ ਦਿਨ ਕਿਸੇ ਗੱਲ ਨੂੰ ਲੈ ਕੇ ਕਿੰਨਾ ਕਜੀਆ ਕਲੇਸ਼ ਹੁੰਦਾ ਰਿਹਾ ਸੀ ਕੁਝ ਮੈਂਬਰ ਸਾਰਾ ਦਿਨ ਕਚੀਰਾ ਕਰ-ਕਰ ਕੇ ਦੱਸਦੇ ਰਹੇ ਹਨ ਕਿ ਕਿਵੇਂ ਉਨ੍ਹਾਂ ਤੋਂ ਵੱਡਾ ਦੁਖੀ ਧਰਤੀ ਤੇ ਕੋਈ ਹੋਰ ਨਹੀਂ … ਏਸ ਵੇਲੇ ਸਭ ਦੀ ਸੁਰਤ ਵਿਚ ਬਾਈ ਦੀ ਕਹਾਣੀ ਸਿਨੇਮੇ ਵਾਂਗ ਚਲ ਰਹੀ ਹੁੰਦੀ, ਜੀਵੰਤ !
ਅੱਧੀ ਰਾਤ ਹੋਈ ਤਾਂ ਪਿੱਤਲ ਦੇ ਗਲਾਸਾਂ ਵਿਚ ਇੱਕ ਜਣਾ ਇਉਂ ਚਾਹ ਵਰਤਾਉਂਦਾ ਜਿਵੇਂ ਬਹੁਤ ਵੱਡਾ ਸਤਸੰਗ ਹੋ ਰਿਹਾ ਹੋਵੇ ਅਤੇ ਅਰਸ਼ੋਂ ਉੱਤਰੀ ਪ੍ਰਵਚਨਾਂ ਦੀ ਰਾਮ-ਗੰਗਾ ਦੇ ਵਹਿਣਾਂ ਨੂੰ ਟੋਕੇ ਬਿਨਾਂ ਬੜੀ ਸੂਖ਼ਮ ਕਲਾਕਾਰੀ ਨਾਲ ਸਭ ਕੋਲ ਚਾਹ ਪਹੁੰਚ ਜਾਂਦੀ ਜਦੋਂ ਕਹਾਣੀ ਖ਼ਤਮ ਹੋਣੀ ਤਾਂ ਸਭ ਨੂੰ ਸੌਣ ਲਈ ਆਪੋ ਆਪਣੇ ਬਿਸਤਰਿਆਂ ਵਿਚ ਖਿਸਕ ਜਾਂਦੇ ਇਹ ਸਿਲਸਿਲਾ ਦਾਦਕੇ ਪਿੰਡ ਵੀ ਚਲਦਾ ਜਿੱਥੇ ਸ਼ਬਦਾਂ ਦਾ ਸ਼ਾਹਸਵਾਰ ਬਣਦਾ ਸੀ ਜੱਗਾ ਅੰਕਲ ! ਉਨ੍ਹਾਂ ਨੂੰ ਸੰਗੀਤ ਦੀ ਜਾਣਕਾਰੀ ਵੀ ਤੇ ਟਿਕੀ ਰਾਤ ਵਿਚ ਜਦੋਂ ਕਿਸੇ ਪ੍ਰਸੰਗ ਨੂੰ ਪੇਸ਼ ਕਰਦਿਆਂ ਵਜ਼ਦ ਵਿਚ ਆਉਣਾ ਤਾਂ ਅਜਬ ਸਮਾਂ ਬਣ ਜਾਂਦਾ, ਖ਼ਾਸ ਕਰਕੇ ਮਹਾਂਭਾਰਤ ਦੇ ਭੀਮ, ਅਰਜਣ ਤੇ ਹੋਰ ਯੋਧੇ ਜਿਉਂਦੇ ਜਾਗਦੇ ਹੀ ਜਾਪਦੇ
ਬਾਈ ਅਤੇ ਜੱਗਾ ਅੰਕਲ ਦੋਵੇਂ ਹੁਣ ਪਰਲੋਕ ਵਿੱਚ ਹਨ ਪੈਸੇ ਦੀ ਅੰਨ੍ਹੀ ਦੌੜ ਨਾਲ ਉੱਡਦੀ ਧੂੜ ਵਿਚ ਉਨ੍ਹਾਂ ਦੋਹਾਂ ਦੀਆਂ ਕਹਾਣੀਆਂ ਵੀ ਉਨ੍ਹਾਂ ਦੇ ਨਾਲ ਹੀ ਗੁਆਚ ਗਈਆਂ ਹਨ ਮੋਬਾਇਲ, ਲੈਪਟਾਪ, ਆਈਪੈਡ, ਸ਼ੋਸ਼ਲ ਮੀਡੀਆ ਅਤੇ ਡਿਜੀਟਲ ਕਿਤਾਬਾਂ … ਕਥਾ ਕਹਾਣੀਆਂ ਸੁਨਣ ਸੁਨਾਉਣ ਵਾਲਾ ਸਮਾਂ ਸੱਚਮੁੱਚ ਬੀਤ ਗਿਆ ਹੈ ਵੇਖਣ ਨੂੰ ਪਰਿਵਾਰ ਜਾਪਦੇ ਇੱਕ ਛੱਤ ਹੇਠ ਰਹਿੰਦੇ ਲੋਕ ਪਤਾ ਨਹੀਂ ਮੁੜ ਇੱਕ ਦੂਜੇ ਨੂੰ ਕਦੋਂ ਮਿਲਣਗੇ … ਮਿਲ ਸਕਣਗੇ ਜਾਂ ਨਹੀਂ .. ਇਹ ਸਵਾਲ ਵੀ ਲਗਦੈ ਹੁਣ ਗੂਗਲ ਤੋਂ ਪੁੱਛਣਾ ਪਊ !
