ਪਾਂਡਵ ਵਣ
#ਸਮਰਜੀਤ ਸਿੰਘ ਸ਼ਮੀ
ਅੱਜ ਸਵੇਰ ਤੋਂ ਹੀ ਫ਼ਿਜ਼ਾਵਾਂ ਵਿੱਚ ਕੋਈ ਮਹਿਕ ਜਿਹੀ ਘੁਲ਼ੀ ਜਾਪ ਰਹੀ ਸੀ। ਰੁੱਖਾਂ-ਝਾੜੀਆਂ ਵਿੱਚ ਰਹਿੰਦੇ ਪੰਛੀਆਂ ਦੇ ਗੀਤ, ਬੀਂਡਿਆਂ ਦਾ ਸ਼ੋਰ, ਆਪਣੀ ਹੀ ਧੁਨ ਵਿੱਚ ਵਗਦੇ ਦਰਿਆ ਦੇ ਪਾਣੀਆਂ ਦੀ ਆਵਾਜ਼ ਕਿਸੇ ਨੂੰ ਵੀ ਕੀਲ ਸਕਦੀ ਸੀ। ਪੱਛੋਂ ਦੀ ਪੌਣ ਦੇ ਰੁਮਕਣ ਨਾਲ਼ ਭੀਮ ਦੇ ਚਿਹਰੇ ਉੱਤੇ ਲਮਕਦੀ ਵਾਲ਼ਾਂ ਦੀ ਲਟ ਕਿਸੇ ਜੇਤੂ ਫ਼ੌਜ ਦੇ ਝੰਡੇ ਵਾਂਗ ਲਹਿਰਾ ਰਹੀ ਸੀ। ਉਸਦੇ ਬੁੱਲ੍ਹਾਂ ਤੇ ਆਨੰਦਮਈ ਮੁਸਕੁਰਾਹਟ ਨੇ ਜਿਵੇਂ ਘਰ ਪਾ ਲਿਆ ਹੋਵੇ। ਆਪਣੇ ਭਰਾ ਨੂੰ ਇੰਝ ਮਸਤ ਹਾਥੀ ਵਾਂਗ ਬੈਠਾ ਵੇਖ ਅਰਜੁਨ ਕੋਲ਼ੋ ਰਿਹਾ ਨਾ ਗਿਆ। ਉਸ ਨੇ ਸ਼ਰਾਰਤ ਨਾਲ਼ ਇੱਕ ਤੀਰ ਛੱਡਿਆ ਜਿਸ ਨੇ ਫ਼ੁੱਲਾਂ ਲੱਦੇ ਰੁੱਖ ਤੋਂ ਭੀਮ ਦੇ ਸਿਰ ਤੇ ਫ਼ੁੱਲਾਂ ਦੀ ਬਾਰਿਸ਼ ਜਿਹੀ ਕਰ ਦਿੱਤੀ।
ਉਸ ਨੇ ਉਸੇ ਮਸਤ ਅੰਦਾਜ਼ ਵਿੱਚ ਅਰਜੁਨ ਵੱਲ ਤੱਕਿਆ ਤੇ ਫ਼ਿਰ ਖ਼ਿਆਲਾਂ ਵਿੱਚ ਖੋ ਗਿਆ।
‘ਵੱਡੇ ਬਾਈ, ਕੌਣ ਹੈ ਜਿਸ ਦੇ ਖ਼ਿਆਲਾਂ ਨੇ ਤੁਹਾਨੂੰ ਇੰਝ ਆਪਣੇ ਜਾਲ਼ ਵਿੱਚ ਜਕੜ ਲਿਆ ਹੈ? ਤੁਹਾਨੂੰ ਅਸਮਾਨ ਵਿੱਚ ਖਰਗੋਸ਼ਾਂ ਵਾਂਗ ਦੌੜਦੇ ਬੱਦਲਾਂ, ਫ਼ੁੱਲਾਂ, ਭੌਰਿਆਂ ਅਤੇ ਭਰਾਵਾਂ ਤੋਂ ਬੇਖ਼ਬਰ ਕਰ ਦਿੱਤਾ ਹੈ।’
‘ਹੈ ਕੋਈ। ਪਰੰਤੂ ਮੈਂ ਹੈਰਾਨ ਹੋ ਜਾਂਦਾ ਹਾਂ ਅਰਜੁਨ। ਤੂੰ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਵੇਂ ਸਭ ਕੁਝ ਜਾਣ ਲੈਂਦਾ ਹੈਂ?’
‘ਹੁਣ ਤਾਂ ਮੈਥੋਂ ਸਬਰ ਨਹੀਂ ਹੋ ਰਿਹਾ। ਕੀ ਤੁਹਾਨੂੰ ਹਸਤਿਨਾਪੁਰ ਦੀ ਯਾਦ ਆ ਰਹੀ ਹੈ? ਆਪਣਾ ਅਗਿਆਤ ਵਾਸ ਖ਼ਤਮ ਹੋਣ ਵਾਲ਼ਾ ਹੈ। ਸਾਨੂੰ ਆਪਣੀ ਬੁੱਕਲ਼ ਵਿੱਚ ਪਨਾਹ ਦੇਣ ਵਾਲ਼ਾ ਸਾਡਾ ਸਾਥੀ ਇਹ ਵਣ ਜ਼ਿਆਦਾ ਦੇਰ ਤੱਕ ਸਾਥੀ ਨਹੀਂ ਰਹੇਗਾ। ਛੇਤੀ ਹੀ ਅਸੀਂ ਸਭ ਆਪਣੇ ਮਹਿਲਾਂ ਵਿੱਚ ਹੋਵਾਂਗੇ।’
‘ਨਹੀਂ, ਅਰਜੁਨ। ਇਹ ਰਾਜਧਾਨੀ ਜਾਂ ਦੁਰਯੋਧਨ ਦੀ ਗੱਲ ਨਹੀਂ। ਇਹ ਤਾਂ ਮੇਰੇ ਦਿਲ ਵਿੱਚ ਖੁੱਭੇ ਕਿਸੇ ਸੁੰਦਰੀ ਦੇ ਨੈਣਾਂ ਦੇ ਤੀਰ ਹਨ।’
‘ਅਹਾ! ਕਮਾਲ ਕਮਾਲ! ਪ੍ਰੇਮ ਬਾਣ ਨੇ ਮਹਾਂਰਥੀ ਦੇ ਰਥ ਨੂੰ ਬੇਵੱਸ ਕਰ ਦਿੱਤਾ ਹੈ। ਫ਼ਿਰ ਦੇਰ ਕਿਸ ਗੱਲ ਦੀ ਹੈ? ਚਲੋਂ ਮਾਂ ਨੂੰ ਇਹ ਸ਼ੁੱਭ ਸੰਦੇਸ਼ ਦਿੰਦੇ ਹਾਂ। ਮੁੱਦਤ ਮਗਰੋਂ ਆਪਣੇ ਪਰਿਵਾਰ ਵਿੱਚ ਇੱਕ ਚੰਗੀ ਖ਼ਬਰ ਆਈ ਹੈ। ਜਿਸਦੇ ਗੁਰਜ ਦੀ ਨੋਕ ਹੇਠ ਵੱਡੇ ਵੱਡੇ ਯੋਧਿਆਂ ਦੀ ਆਕੜ ਨੱਕ ਰਗੜਦੀ ਹੈ, ਉਸ ਮਹਾਂਬਲੀ ਨੂੰ ਕਿਸ ਦੀ ਉਡੀਕ ਹੈ? ਚਲੋ ਚੱਲੀਏ ਅਤੇ ਤੁਹਾਡੇ ਦਿਲ ਦੀ ਰਾਣੀ ਨੂੰ ਘਰ ਲੈ ਆਈਏ।’
‘ਘਰ ਹੀ ਤਾਂ ਨਹੀਂ ਹੈ ਆਪਣੇ ਕੋਲ਼ ਅਰਜੁਨ। ਜ਼ਰਾ ਵੇਖ ਕਿਹੜੇ ਹਾਲ ਵਿੱਚ ਰਹਿ ਰਹੇ ਹਾਂ। ਸਾਡਾ ਤਾਂ ਆਪਣਾ ਕੋਈ ਠਿਕਾਣਾ ਨਹੀਂ, ਅਜਿਹੇ ਵਿੱਚ ਜ਼ਿੰਦਗੀ ਅੱਗੇ ਕਿਵੇਂ ਤੁਰ ਸਕਦੀ ਹੈ?’
‘ਵਾਹ, ਮਹਾਂਬਲੀ ਨੂੰ ਕਬੀਲਦਾਰੀ ਦੀਆਂ ਗੱਲਾਂ ਕਰਦਿਆਂ ਵੇਖ ਕੇ ਕਿੰਨਾ ਅਜੀਬ ਲਗਦਾ ਹੈ। ਤੁਸੀਂ ਬੇਫ਼ਿਕਰ ਰਹੋ। ਮਾਂ ਨਾਲ਼ ਮੈਂ ਗੱਲ ਕਰਾਂਗਾਂ। ਉਸ ਸੁੰਦਰੀ ਦਾ ਨਾਂ ਤਾਂ ਦੱਸੋ ਬਾਈ ਜੀ …’
‘ਹਿਡੰਬਾ … ਹਿਡੰਬਾ ਦੇਵੀ। ਇਹ ਨਾਂ ਲੈਂਦਿਆਂ ਹੀ ਮੇਰੇ ਮਨ ਵਿੱਚ ਅਨੇਕਾਂ ਕੋਇਲਾਂ ਗਾ ਉੱਠਦੀਆਂ ਹਨ। ਇਹ ਸਾਰਾ ਜੰਗਲ ਹੀ ਇੱਕ ਗੀਤ ਬਣ ਜਾਂਦਾ ਹੈ। ਪ੍ਰੇਮ ਗੀਤ … ਉਹ ਪਰਮ ਸੁੰਦਰੀ ਇਸ ਜੰਗਲ ਦੇ ਸਰਦਾਰ ਦੀ ਭੈਣ ਹੈ। ਉਸ ਦਾ ਘਰ ਸਾਹਮਣੇ ਵਾਲੀ ਪਹਾੜੀ ਤੇ ਹੈ। ਉਹ ਆਪਣੀਆਂ ਸਹੇਲੀਆਂ ਨਾਲ਼ ਏਥੇ ਸਾਡੇ ਖ਼ੂਹ ਤੇ ਪਾਣੀ ਭਰਨ ਆਉਂਦੀ ਏ। ਲਗਦਾ ਹੈ ਜਿਵੇਂ ਉਹ ਆਪਣੇ ਘੜੇ ਵਿੱਚ ਮੇਰੀ ਰੂਹ ਨੂੰ ਹੀ ਬੰਦ ਕਰ ਕੇ ਲੈ ਗਈ ਏ। ਰੂਹ ਤੋਂ ਬਿਨਾਂ ਇਸ ਦੇਹ ਦਾ ਕੀ ਕਰਨਾ ਹੈ ਅਰਜੁਨ …’
ਭੀਮ ਆਪਣੀ ਹੀ ਰਵਾਨੀ ਵਿੱਚ ਬੋਲਦਾ ਜਾ ਰਿਹਾ ਸੀ ..
‘ਸੱਚ ਜਾਣੀਂ ਅਰਜੁਨ, ਮੇਰੇ ਵੀਰ … ਜਦੋਂ ਆਪਣੀ ਟੋਲੀ ਨਾਲ਼ ਪਹਾੜ ਤੋਂ ਉੱਤਰਦੀ ਹੈ ਤਾਂ ਇੰਝ ਲਗਦਾ ਹੈ ਜਿਵੇਂ ਕੋਈ ਪਹਾੜੀ ਨਦੀ ਮਾਰੂਥਲਾਂ ਨੂੰ ਸਰਸ਼ਾਰ ਕਰਨ ਲਈ ਸਵਰਗਾਂ ਤੋਂ ਧਰਤੀ ਤੇ ਆ ਰਹੀ ਹੋਵੇ। ਉਹ ਪੋਲੇ ਪੋਲੇ ਪੱਬ ਢਾਕ ਤੇ ਘੜਾ ਟਿਕਾ ਖ਼ੂਹ ਦੀਆਂ ਪੌੜੀਆਂ ਉੱਤਰਦੀ ਸਾਖ਼ਸ਼ਾਤ ਕੋਈ ਅਪਸਰਾ ਜਾਪਦੀ ਹੈ। ਉਸਦਾ ਹਾਸਾ, ਅਠਖ਼ੇਲੀਆਂ ਵੇਖ ਮੈਂ ਜਿੰਦਗੀ ਦੇ ਸਭ ਦੁੱਖ ਵਿਸਾਰ ਚੁੱਕਾ ਹਾਂ।’
ਦੋਵੇਂ ਭਰਾ ਕਿੰਨੀ ਦੇਰ ਜੰਗਲ ਦੀ ਰਾਜਕੁਮਾਰੀ ਬਾਰੇ ਗੱਲਾਂ ਕਰਦੇ ਰਹੇ। ਉਨ੍ਹਾਂ ਦੇ ਸਿਰ ਉੱਤੋਂ ਪੰਛੀਆਂ ਦੀਆਂ ਕਿੰਨੀਆਂ ਡਾਰਾਂ ਲੰਘੀਆਂ, ਕੌਣ ਜਾਣਦਾ ਹੈ?
ਪਰੰਤੂ ਓਧਰ, ਪਹਾੜੀ ਉੱਤੇ ਇੱਕ ਘਰ ਵਿੱਚ ਸ਼ੋਰ ਹੈ। ਇਹ ਤਾਂ ਹਿਡੰਬਾ ਦੇਵੀ ਦਾ ਘਰ ਹੈ। ਪਹਾੜੀ ਦੀ ਟੀਸੀ ਤੇ ਇੱਕ ਛੰਨ। ਹਿਡੰਬਾ ਦਾ ਭਰਾ ਹਿਡੰਬੀ ਬਹੁਤ ਬੇਚੈਨ ਜਾਪ ਰਿਹਾ ਸੀ। ਉਸ ਨੂੰ ਚੰਨ ਤਾਰੇ, ਸੰਗੀਤ, ਗਿਆਨ, ਧਿਆਨ, ਮਾਣ, ਤਾਣ, ਕੁਝ ਵੀ ਚੰਗਾ ਨਹੀਂ ਲਗ ਰਿਹਾ ਸੀ। ਉਸ ਦੇ ਡੌਲ਼ੇ ਫ਼ਰਕ ਰਹੇ ਸਨ।
‘ਅਸੀਂ ਇਲਾਕੇ ਦੇ ਚੌਧਰੀ ਹਾਂ। ਉਹ ਲੋਕ ਪਤਾ ਨਹੀਂ ਕੌਣ ਨੇ? ਨਾ ਘਰ ਨਾ ਦਰ। ਦੇਖ ਭੈਣੇ, ਤੇਰੇ ਲਈ ਜਾਨ ਦੇ ਸਕਦਾ ਹਾਂ। ਤੈਥੋਂ ਬਿਨਾਂ ਮੇਰਾ ਕੋਈ ਨਹੀਂ, ਨਾ ਹੀ ਕੋਈ ਤੇਰੇ ਤੋਂ ਵਧ ਕੇ ਹੈ। ਪਰ ਸੋਚ ਕੇ ਤਾਂ ਵੇਖ। ਵਿਆਹ ਕੋਈ ਗੁੱਡੇ ਗੁੱਡੀਆਂ ਦੀ ਖੇਡ ਨਹੀਂ। ਉਮਰਾਂ ਦਾ ਸੌਦਾ ਹੈ। ਪ੍ਰੇਮ ਪਿਆਰ ਤਾਂ ਜਿੰਮੇਵਾਰੀ ਦੇ ਰਤਾ ਕੁ ਸੇਕ ਨਾਲ਼ ਉੱਡਪੁੱਡ ਜਾਵੇਗਾ। ਆਪਣੇ ਮਨ ਉੱਤੇ ਛਾਈ ਇਸ ਆਵਾਰਾ ਬੱਦਲੀ ਨੂੰ ਹਟਾ ਕੇ ਵੇਖ। ਉਹ ਮੁਸਾਫ਼ਰ ਨੇ, ਪਰੰਤੂ ਕਿਹੜੇ ਸਫ਼ਰ ਤੇ ਨੇ, ਪਤਾ ਨਹੀਂ। ਮੈਂ ਸੁਣਿਆ ਹੈ ਉਹ ਲੋਕ ਸਾਨੂੰ ਰਾਖ਼ਸ਼ ਆਖਦੇ ਨੇ। ਸਿਰਫ਼ ਇਸ ਲਈ ਕਿਉਂਕਿ ਅਸੀਂ ਜੰਗਲ ਦੀ ਸੰਤਾਨ ਹਾਂ? ਇਹ ਜੰਗਲ ਸਾਡਾ ਘਰ ਹੈ। ਅਸੀਂ ਰੁੱਖਾਂ, ਪੰਛੀਆਂ, ਜਨੌਰਾਂ, ਨਦੀਆਂ ਨੂੰ ਰੱਬ ਵਾਂਗ ਪੂਜਦੇ ਹਾਂ। ਕੀ ਕੁਦਰਤ ਨੂੰ ਪੂਜਣ ਨਾਲ਼ ਅਸੀਂ ਇਨਸਾਨ ਹੀ ਨਹੀਂ ਰਹੇ? ਨਾ ਹਿਡੰਬਾ ਮੇਰੀ ਭੈਣ, ਨਾ … ਸੋਚ ਕੇ ਤਾਂ ਵੇਖ, ਉਨ੍ਹਾਂ ਦੀ ਅਕਲ, ਸ਼ਕਲ, ਡੀਲ ਡੌਲ, ਰਹਿਣ ਸਹਿਣ ਕੁਝ ਵੀ ਤਾਂ ਸਾਡੇ ਨਾਲ਼ ਨਹੀਂ ਮਿਲਦਾ।’
ਭਰਾ ਦਾ ਹਰ ਸ਼ਬਦ ਭਾਵੇਂ ਅਪਣੱਤ ਅਤੇ ਫ਼ਿਰਕਮੰਦੀ ਨਾਲ਼ ਭਰਿਆ ਸੀ, ਪਰ ਸ਼ਬਦ ਬੇਅਰਥ ਜਾ ਰਹੇ ਸਨ। ਜਿਵੇਂ ਕੋਈ ਸ਼ਿਕਾਰੀ ਹਨੇਰੇ ਵਿੱਚ ਬਾਣ ਚਲਾ ਰਿਹਾ ਹੋਵੇ। ਜਿਵੇਂ ਕੋਈ ਭਟਕਦੀ ਬੱਦਲੀ ਮਾਰੂਥਲ ਵਿੱਚ ਵਰ੍ਹ ਗਈ ਹੋਵੇ।
ਹਿਡੰਬੀ ਦੀ ਪੂਰੇ ਇਲਾਕੇ ਵਿੱਚ ਅਜੇਤੂ ਪਹਿਲਵਾਨ ਵਜੋਂ ਚੜ੍ਹਤ ਬਣੀ ਹੋਈ ਸੀ। ਉਸ ਉੱਤੇ ਕੁਦਰਤ ਮਿਹਰਬਾਨ ਸੀ। ਉਸਦੀ ਚਾਲ-ਢਾਲ, ਚੁਸਤੀ ਫ਼ੁਰਤੀ, ਦਾਅ ਪੇਚ, ਦਬਦਬਾ ਬਾਕਮਾਲ ਸਨ। ਪਰ ਉਸ ਨੂੰ ਹਿਡੰਬਾ ਦੀ ਫ਼ਿਕਰ ਹੋ ਰਹੀ ਸੀ। ਉਸਦੇ ਮਨ ਦੇ ਅੰਬਰ ਤੇ ਸੋਚਾਂ ਦਾ ਸੂਰਜ ਚੜ੍ਹਦਾ ਲਹਿੰਦਾ ਉਸਨੂੰ ਬੇਚੈਨ ਕਰ ਰਿਹਾ ਸੀ। ਚਿੰਤਾ ਨੇ ਉਸਦੇ ਪੈਰਾਂ ਹੇਠ ਅੱਗ ਮਚਾ ਰੱਖੀ ਸੀ।
ਕਿਸਨੇ ਬਣਾਈ ਇਹ ਪਿਆਰ ਦੀ ਖੇਡ? ਕੀ ਸੱਚਮੁਚ ਇਹ ਪਿਆਰ ਹੈ? ਹਿਡੰਬਾ ਨੂੰ ਤਾਂ ਮੈਂ ਨਜ਼ਰ ਵੀ ਨਹੀਂ ਆ ਰਿਹਾ ਤੇ ਲੋਕ ਕਹਿੰਦੇ ਨੇ ਮੈਂ ਵੱਡਾ ਮੱਲ ਹਾਂ! ਪਿੰਡ ਦੇ ਗਵੱਈਏ ਜਦੋਂ ਇਸ਼ਕ ਮੁਸ਼ਕ ਵਾਲੇ ਗੀਤ ਹੇਕਾਂ ਲਾ ਲਾ ਕੇ ਗਾਉਂਦੇ ਤਾਂ ਬਹੁਤ ਸਵਾਦਲੇ ਲਗਦੇ ਸਨ। ਉਹ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਇਨਾਮ ਦਿੰਦਾ। ਹੁਣ ਆਪਣੇ ਘਰ ਦੇ ਅੰਦਰ ਇਸ਼ਕ ਦੀ ਨਦੀ ਤਬਾਹੀ ਮਚਾ ਦਿੱਤੀ ਸੀ। ਭੁੱਖ ਪਿਆਸ ਸਭ ਗ਼ਾਇਬ, ਸਾਹਮਣੇ ਪਈ ਸੱਤ ਪਕਵਾਨੀ ਵੀ ਬੇਸੁਆਦ ਲਗ ਰਹੀ ਸੀ। ਕਿਸੇ ਵੈਦ ਕੋਲ਼ ਇਸ ਦਾ ਇਲਾਜ ਨਹੀਂ ਸੀ, ਕਿਉਂਕਿ ਇਹ ਕੋਈ ਰੋਗ ਹੀ ਨਹੀਂ ਸੀ, ਸ਼ਾਇਦ।
ਘੋਲ਼ ਹੀ ਤਾਂ ਇਹ ਜ਼ਿੰਦਗੀ, ਬਸ ਦਾਅ ਸਹੀ ਲਗਣਾ ਚਾਹੀਦਾ ਹੈ ਤਾਂ ਬਾਜ਼ੀ ਆਪਣੀ ਹੋ ਸਕਦੀ ਹੈ।
ਹਿਡੰਬਾ ਦੇ ਮਨ ਦੀ ਨਦੀ ਵਿੱਚ ਅੰਤਾਂ ਦਾ ਸ਼ੋਰ ਸੀ। ਸੋਚਾਂ ਦੀਆਂ ਲਹਿਰਾਂ ਤੋਂ ਉੱਠੀ ਧੁੰਦ ਵਿੱਚ ਕੇਵਲ ਇੱਕ ਚਿਹਰਾ ਚੰਨ ਬਣ ਕੇ ਚਮਕ ਰਿਹਾ ਸੀ। ਭੀਮ!
ਭਰਾ ਦੀਆਂ ਗੱਲਾਂ ਸੱਚ ਨੇ। ਪਰ ਪਿਆਰ ਉੱਤੇ ਕਾਹਦਾ ਜ਼ੋਰ? ਉਸ ਦਿਨ ਖ਼ੂਹ ਤੇ ਭੀਮ ਨੂੰ ਵੇਖਿਆ ਤਾਂ ਇੰਝ ਜਾਪਿਆ ਜਿਵੇਂ ਕੁਦਰਤ ਰਾਣੀ ਨੇ ਅਰਸ਼ਾਂ ਤੋਂ ਮੇਰੇ ਲਈ ਹੀ ਇਸ ਜੰਗਲ ਵਿੱਚ ਭੇਜਿਆ ਹੋਵੇ। ਪਹਾੜ ਜਿੱਡਾ ਜੁੱਸਾ, ਮਸਤ ਨੈਣ ਅਤੇ ਬੇਪਰਵਾਹੀ ਵਿੱਚ ਝੂਲਦਾ ਭੀਮ … ਉਸ ਦੀ ਨਜ਼ਰ ਨੇ ਮੇਰੀ ਨਜ਼ਰ ਨੂੰ ਪੈਰਾਂ ਵਿੱਚ ਬੇੜੀ ਵਾਂਗ ਜਕੜ ਲਿਆ। ਉਹ ਉਹ ਬੇੜੀ ਝਾਂਜਰ ਬਣ ਗਈ ਹੈ, ਝਾਂਜਰ ਜਿਸ ਦਾ ਝਣਕਾਰ ਜੰਗਲ, ਬੇਲੇ ਝੂਮਣ ਲਾ ਦਿੱਤੇ ਹਨ। ਪਤਾ ਨਹੀਂ ਇਹ ਕੌਣ ਹੈ, ਕਿੱਥੋਂ ਆਇਆ ਹੈ … ਇਨ੍ਹਾਂ ਸਵਾਲਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ ਸੀ। ਮੇਰਾ ਦਿਲ ਤਾਂ ਭੀਮ ਦੇ ਨਾਮ ਨਾਲ ਧੜਕ ਰਿਹਾ ਹੈ। ਉਸ ਮੁਲਾਕਾਤ ਤੋਂ ਮਗਰੋਂ ਉਹ ਵੀ ਤਾਂ ਜੜ ਹੋ ਗਿਆ ਸੀ।
ਹਿਡੰਬੀ ਦਾ ਖ਼ਿਆਲ ਆਉਂਦਿਆਂ ਹੀ ਉਹ ਉਦਾਸ ਹੋ ਜਾਂਦੀ। ਇਹ ਕਿਹੋ ਜਿਹੀ ਮੁਸ਼ਕਿਲ ਹੈ? ਮੇਰੀ ਹਾਲਤ ਉਸ ਨਦੀ ਵਾਂਗ ਹੋ ਗਈ ਹੈ ਜੋ ਸਾਗਰ ਨੂੰ ਵੀ ਮਿਲਣਾ ਚਾਹੁੰਦੀ ਹੈ ਅਤੇ ਰਿਸ਼ਤਿਆਂ ਦੇ ਅਦਿੱਸ ਤੇ ਮਹੀਨ ਬੰਨ੍ਹ ਨੂੰ ਵੀ ਤੋੜਨਾ ਨਹੀਂ ਚਾਹੁੰਦੀ। ਪਰ ਇਹ ਕਿੰਝ ਹੋ ਸਕਦਾ ਹੈ? ਉਸ ਨੇ ਵੇਖਿਆ ਹੈ ਜਦੋਂ ਕੋਈ ਨਦੀ ਕਿਸੇ ਬੰਨ੍ਹ ਨੂੰ ਤੋੜਦੀ ਹੈ ਤਾਂ ਕਿੰਨੀ ਹਲਚਲ ਹੁੰਦੀ ਹੈ। ਲਹਿਰਾਂ ਵਿੱਚ ਕਿੰਨੀ ਬੇਚੈਨੀ ਅਤੇ ਸ਼ੋਰ ਹੁੰਦਾ ਹੈ। ਪਰ ਫ਼ਿਰ ਸਭ ਸ਼ਾਂਤ ਹੋ ਜਾਂਦਾ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਨਦੀ ਅਤੇ ਜ਼ਿੰਦਗੀ ਵੀ ਕਦੇ ਰੁਕਦੀ ਹੈ?
‘ਵੇਖ ਭੈਣੇ, ਮੈਨੂੰ ਲਗਦਾ ਹੈ ਕਿ ਸਾਡੇ ਪਿਆਰ ਅਤੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲਗ ਗਈ ਹੈ। ਕੀ ਭੀਮ ਸੱਚੀਂ ਬਹੁਤ ਸ਼ਕਤੀਸ਼ਾਲੀ ਹੈ?’
‘ਹਾਂ ਵੀਰ। ਉਸ ਨੂੰ ਹਰਾਉਣਾ ਅਸੰਭਵ ਹੈ।’
‘ਅਸੰਭਵ! ਜੇ ਇੰਝ ਹੈ ਤਾਂ ਇੰਝ ਹੀ ਸਹੀ। ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕਿਸੇ ਮੱਲ ਨੇ ਮੇਰੀ ਪਿੱਠ ਲਾਈ ਹੋਵੇ। ਮੈਂ ਉਸ ਨੂੰ ਚੁਣੌਤੀ ਦੇਵਾਂਗਾ। ਜੇਕਰ ਉਸਨੇ ਮੇਰੀ ਪਿੱਠ ਲਗਾ ਦਿੱਤੀ ਤਾਂ ਹੀ ਉਹ ਤੇਰਾ ਪਤੀ ਬਣਨ ਦਾ ਹੱਕਦਾਰ ਹੋਵੇਗਾ। ਵਰਨਾ ਤੈਨੂੰ ਮੇਰੀ ਸਹੁੰ, ਉਸ ਨੂੰ ਭੁੱਲ ਜਾਵੀਂ!’
‘ਠੀਕ ਹੈ। ਮਨਜ਼ੂਰ ਹੈ।’
‘ਉਸ ਤੇ ਐਨਾ ਭਰੋਸਾ!’
ਹਿਡੰਬਾ ਨੇ ਸ਼ਬਦਾਂ ਦੀ ਹਨੇਰੀ ਨੂੰ ਰੋਕ ਲਿਆ ਅਤੇ ਵਿਸ਼ਵਾਸ਼ ਨਾਲ਼ ਭਰੀਆਂ ਨਜ਼ਰਾਂ ਨਾਲ ਹਿਡੰਬੀ ਵੱਲ ਤੱਕਿਆ। ਹਿਡੰਬੀ ਦੀ ਰੂਹ ਨੂੰ ਝੁਣਝੁਣੀ ਜਿਹੀ ਆ ਗਈ।
ਪਾਂਡੂਆਂ ਵੱਲੋਂ ਵੀ ਸੁਨੇਹਾ ਆ ਗਿਆ ਸੀ। ਕੁੰਤੀ ਮਾਤਾ ਨੇ ਬੜੀ ਰੀਝ ਨਾਲ਼ ਹਿਡੰਬੀ ਦੇ ਘਰ ਆਪਣੇ ਲਾਡਲੇ ਭੀਮ ਲਈ ਹਿਡੰਬਾ ਦੇਵੀ ਦਾ ਹੱਥ ਮੰਗਿਆ। ਮਾਂ ਨੂੰ ਮਨਾਉਣ ਦੀ ਜਿੰਮੇਵਾਰੀ ਅਰਜੁਨ ਨੇ ਲਈ ਸੀ। ਉਸ ਦਾ ਨਿਸ਼ਾਨਾ ਕਦੇ ਖ਼ਾਲੀ ਨਹੀਂ ਸੀ ਗਿਆ ਤੇ ਇਹ ਤੀਰ ਵੀ ਟਿਕਾਣੇ ਤੇ ਲੱਗਿਆ। ਹਾਲਾਕਿ ਮਾਂ ਨੂੰ ਇਹ ਰਿਸ਼ਤਾ ਆਪਣੇ ਖ਼ਾਨਦਾਨ ਦੇ ਮੇਚ ਦਾ ਨਹੀਂ ਜਾਪ ਰਿਹਾ ਸੀ। ਬੇਸ਼ੱਕ ਇਸ ਜੰਗਲ ਨੇ ਉਸ ਦੇ ਪਰਿਵਾਰ ਨੂੰ ਪਨਾਹ ਦਿੱਤੀ ਪਰ ਜੰਗਲੀ ਲੋਕਾਂ ਨਾਲ ਰਿਸ਼ਤਾ ਜੋੜਨਾ ਹੋਰ ਗੱਲ ਸੀ। ਇਸ ਉਵੇਂ ਹੀ ਸੀ ਜਿਵੇਂ ਇਮਾਰਤ ਦੀ ਉਸਾਰੀ ਹੋਣ ਤੋਂ ਬਾਦ ਮਜਦੂਰ ਦਾ ਉਸ ਨਾਲ ਕੋਈ ਸਬੰਧ ਨਹੀਂ ਰਹਿੰਦਾ। ਪੁੱਤਰ ਮੋਹ ਅੱਗੇ ਮਾਪਿਆਂ ਨੂੰ ਝੁਕਣਾ ਪੈਂਦਾ ਹੈ। ਆਖ਼ਿਰ ਆਪਣੇ ਪੁੱਤਰਾਂ ਦੀ ਮਾਤਾ ਅਤੇ ਪਿਤਾ ਦੋਵੇਂ ਉਹ ਆਪ ਹੀ ਸੀ। ਇਸ ਜੰਗਲ ਵਿੱਚ ਉਨ੍ਹਾਂ ਦਾ ਹੋਰ ਹੈ ਵੀ ਕੌਣ? ਇੱਥੋਂ ਦੇ ਸਰਦਾਰਾਂ ਨਾਲ਼ ਰਿਸ਼ਤਾ ਫ਼ਾਇਦੇ ਵਾਲ਼ਾ ਸੌਦਾ ਸੀ।
ਹਿਡੰਬੀ ਨੇ ਆਪਣੀ ਸ਼ਰਤ ਅੱਗੇ ਰੱਖ ਦਿੱਤੀ। ਸ਼ਰਤ ਮਨਜ਼ੂਰ ਹੋ ਗਈ। ਦੋ ਸਾਨ੍ਹਾਂ ਦਾ ਭੇੜ ਹੋਣ ਵਾਲ਼ਾ ਸੀ, ਇੱਕ ਨੂੰ ਵਰ ਦੀ ਤੇ ਇੱਕ ਨੂੰ ਘਰ ਦੀ ਲੜਾਈ ਸੀ। ਕਹਿੰਦੇ ਹਨ ਕਿ ਮੁਹੱਬਤ ਵਿੱਚ ਹਾਰਨ ਵਾਲ਼ਾ ਹੀ ਅਸਲ ਜੇਤੂ ਹੁੰਦਾ ਹੈ ਪਰ ਹਾਰਨਾ ਕੌਣ ਚਾਹੁੰਦਾ ਹੈ?
ਮਿੱਥੇ ਦਿਨ ਦੰਗਲ ਸ਼ੁਰੂ ਹੋਇਆ। ਪੰਜ ਭਰਾ ਅਤੇ ਉਨ੍ਹਾਂ ਦੀ ਮਾਤਾ ਪੂਰੀ ਭੀੜ ਵਿੱਚ ਵੱਖਰੇ ਹੀ ਚਮਕ ਰਹੇ ਸਨ। ਭੀੜ ਵਿੱਚ ਮਿਹਨਤਕਸ਼ ਲੋਕ ਸਨ, ਜਿਨ੍ਹਾਂ ਦੇ ਪਿੰਡੇ ਜ਼ਿੰਮੇਵਾਰੀਆਂ ਦੀ ਧੁੱਪ ਨੇ ਲੂਹ ਛੱਡੇ ਸਨ। ਕੀ ਇਸੇ ਰੰਗ ਰੂਪ ਕਰਕੇ ਇਨ੍ਹਾਂ ਨੂੰ ਰਾਖ਼ਸ਼ ਆਖ਼ਿਆ ਜਾ ਰਿਹਾ ਸੀ?
ਆਪਣੀ ਮਾਂ ਅਤੇ ਚਾਰਾਂ ਭਰਾਵਾਂ ਕੋਲੋਂ ਆਗਿਆ ਲੈ ਕੇ ਭੀਮ ਅਖ਼ਾੜੇ ਵਿੱਚ ਆਇਆ ਅਤੇ ਉਸ ਨੇ ਮਿੱਟੀ ਨੂੰ ਮੱਥੇ ਨਾਲ਼ ਲਾਇਆ। ਹਿਡੰਬੀ ਨੇ ਆਪਣੀ ਭੈਣ ਵੱਲ ਤੱਕਿਆ। ਉਹ ਸੋਚਾਂ ਦੇ ਅਨੰਤ ਪਸਾਰੇ ਵਿੱਚ ਖੋਈ ਕਿਸੇ ਖਲਾਅ ਵਿੱਚ ਵੇਖ ਰਹੀ ਸੀ। ਉਸ ਨੂੰ ਇੱਕ ਪਲ ਲਈ ਲੱਗਿਆ ਜਿਵੇਂ ਪੂਰੇ ਬ਼੍ਰਹਿਮੰਡ ਵਿੱਚ ਇਸ ਅਖਾੜੇ ਵਿੱਚ ਉਹ ਇਕੱਲਾ ਖਲੋਤਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਅਸਲੀ ਦੰਗਲ ਕਿਧਰੇ ਹੋਰ ਚਲ ਰਿਹਾ ਸੀ। ਉਸ ਪੂਰੇ ਢੋਲ ਢਮੱਕੇ ਨਾਲ਼ ਮੈਦਾਨ ਵਿੱਚ ਉੱਤਰਿਆ। ਉਸ ਨੇ ਭੀਮ ਨੂੰ ਵੰਗਾਰਿਆ। ਜਿਵੇਂ ਕਹਿ ਰਿਹਾ ਹੋਵੇ ਕਿ ਉਹ ਆਪਣੇ ਘਰ ਦਰ ਨੂੰ ਬਚਾਉਣ ਲਈ ਆਖ਼ਰੀ ਦਮ ਤੱਕ ਲੜੇਗਾ।
ਭੀਮ ਅਤੇ ਹਿਡੰਬੀ ਆਹਮੋ ਸਾਹਮਣੇ ਹੋਏ। ਜਬਰਦਸਤ ਘੋਲ਼ ਸ਼ੁਰੂ ਹੋ ਗਿਆ। ਪਤਾ ਨਹੀਂ ਕਿੰਨੀ ਦੇਰ ਦੋਵੇਂ ਮੱਲ ਘੁਲ਼ਦੇ ਰਹੇ। ਕੋਈ ਵੀ ਹਾਰਦਾ ਨਜ਼ਰ ਨਹੀਂ ਆ ਰਿਹਾ ਸੀ। ਸੂਰਜ ਢਲ਼ ਰਿਹਾ ਸੀ ਪਰ ਪਹਿਲਵਾਨਾਂ ਵਿੱਚ ਕਿਧਰੇ ਕੋਈ ਥਕਾਨ ਵੇਖਣ ਨੂੰ ਨਹੀਂ ਮਿਲ ਰਹੀ ਸੀ। ਪਾਂਡੂ ਭਰਾ ਹੈਰਾਨ ਸਨ ਕਿ ਮਹਾਂਬਲੀ ਭੀਮ ਨੂੰ ਅੱਜ ਕਿੰਨੀ ਜੱਦੋਜਹਿਦ ਕਰਨੀ ਪੈ ਰਹੀ ਸੀ। ਇਹ ਹਿਡੰਬੀ ਤਾਂ ਸੱਚੀ ਕਿਸੇ ਦੈਂਤ ਵਾਂਗ ਭਿੜ ਰਿਹਾ ਸੀ। ਜਦੋਂ ਵੀ ਉਹ ਭੀਮ ਨੂੰ ਪਟਕਣੀ ਦਿੰਦਾ ਤਾਂ ਭੀੜ ਜੋਸ਼ ਨਾਲ਼ ਭਰ ਜਾਂਦੀ। ਚੀਕਾਂ, ਬੁਲਬੁਲ੍ਹੀਆਂ ਨਾਲ਼ ਅੰਬਰ ਗੂੰਜਣ ਲਗਦਾ। ਢੋਲ ਨਗਾਰੇ, ਧੂੜ, ਧੱਫ਼ੇ ਅਲੱਗ ਹੀ ਸਮਾਂ ਬੰਨ੍ਹ ਰਹੇ ਸਨ।
ਘੁਲ਼ਦਿਆਂ ਘੁਲ਼ਦਿਆਂ ਹਿਡੰਬੀ ਦੀ ਨਜ਼ਰ ਆਪਣੀ ਭੈਣ ਤੇ ਪਈ। ਉਹ ਉਦਾਸ ਬੈਠੀ ਸੀ। ਉਸ ਨੁੰ ਆਪਣੇ ਭਰਾ ਦੀ ਚੜ੍ਹਤ ਵਿਖਾਈ ਨਹੀਂ ਦੇ ਰਹੀ ਸੀ। ਆਖ਼ਿਰ ਅੱਜ ਵਰਗਾ ਤਾਂ ਉਹ ਕਦੇ ਵੀ ਨਹੀਂ ਸੀ ਲੜਿਆ। ਉਸ ਦੇ ਦਿਲ ਅੰਦਰੋਂ ਅਜੀਬ ਜਿਹੀ ਹੂਕ ਨਿਕਲੀ ਅਤੇ ਅੱਖਾਂ ਵਿੱਚ ਹੰਝੂ ਅਟਕ ਗਏ। ਉਸੇ ਇੱਕ ਪਲ ਭੀਮ ਨੇ ਬਿਜਲੀ ਦੀ ਫ਼ੁਰਤੀ ਨਾਲ ਉਸ ਨੂੰ ਪਟਕਾ ਦੇ ਮਿੱਟੀ ਵਿੱਚ ਲਿਟਾ ਦਿੱਤਾ। ਉਸ ਅਜੇਤੂ ਸੂਰਮੇ ਦੀ ਆਪਣੇ ਹੀ ਜੰਗਲ ਦੇ ਅਖਾੜੇ ਵਿੱਚ ਪਿੱਠ ਲਗ ਚੁੱਕੀ ਸੀ।
ਭੀੜ ਸਦਮੇ ਵਿੱਚ ਆ ਗਈ। ਇਹ ਕਿੰਝ ਹੋ ਸਕਦਾ ਹੈ? ਪਰ ਨਵੀਂ ਸਿਰਜਣਾ ਲਈ ਟੁੱਟਭੱਜ ਤਾਂ ਲਾਜ਼ਮੀ ਹੈ। ਹਿਡੰਬਾ ਦੇ ਚਿਹਰੇ ਤੇ ਮੁਸਕੁਰਾਹਟ ਵੇਖ ਹਿਡੰਬੀ ਨੂੰ ਜਾਪਿਆ ਜਿਵੇਂ ਫ਼ਿਕਰਾਂ ਦੀ ਬੱਦਲੀ ਖੰਭ ਲਾ ਕੇ ਉੱਡਪੁਡ ਗਈ ਹੋਵੇ।
ਹਵਾਵਾਂ ਵਿੱਚ ਮੁਹੱਬਤ ਦੇ ਹਰਫ ਲਿਖੇ ਜਾ ਚੁੱਕੇ ਸਨ।
