ਖ਼ੂਹ
#ਸਮਰਜੀਤ ਸਿੰਘ ਸ਼ਮੀ
ਉਹ! ਨੌਂ ਵੱਜ ਗਏ … ਲੇਟ ਹੋ ਗਿਆ ਯਾਰ, ਚਲੋ ਕੋਈ ਨਾ ਰਿਸੈਪਸ਼ਨ ਹੈ, ਅੱਧੀ ਰਾਤ ਤੱਕ ਤਾਂ ਪ੍ਰੋਗਰਾਮ ਚੱਲੇਗਾ ਹੀ …
ਇਹ ਸੋਚ ਕੇ ਅਮਰ ਨੇ ਕਾਰ ਦੀ ਸੈਲਫ਼ ਮਾਰੀ ਅਤੇ ਆਪਣੇ ਦੋਸਤ ਦੇ ਬੇਟੇ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗੱਡੀ ਤੋਰ ਲਈ। ਉਹ ਅੱਜ ਦੁਪਿਹਰ ਤੋਂ ਹੀ ਆਪਣੇ ਕੁਝ ਮਿੱਤਰਾਂ ਨਾਲ ਮਹਿਫ਼ਿਲ ਵਿੱਚ ਬੈਠ ਕੇ ਪੀਂਦਾ ਰਿਹਾ ਸੀ ਤੇ ਇਸ ਵੇਲੇ ਪੂਰੀ ਤਰਾਂ ਲੋਰ ਵਿੱਚ ਸੀ। ਗੱਡੀ ਵਿੱਚ ਚੱਲ ਰਹੇ ਗੀਤ ਹੋਰ ਹੁਲਾਰਾ ਦੇ ਰਹੇ ਸਨ। ਉਹ ਮਦਮਸਤ ਹਾਥੀ ਬਣਿਆ ਹੋਇਆ ਸੀ ਤੇ ਇਸ ਦਾ ਅਸਰ ਗੱਡੀ ਦੀ ਰਫ਼ਤਾਰ ਅਤੇ ਗੀਤਾਂ ਦੀ ਤੇਜ਼ ਆਵਾਜ਼ ਤੋਂ ਸਾਫ਼ ਵਿਖਾਈ ਦੇ ਰਿਹਾ ਸੀ। ਸੜਕ ਉੱਤੇ ਆਪਮੁਹਾਰੇ ਸ਼ੂਕਦੀ ਜਾ ਰਹੀ ਗੱਡੀ ਦੇ ਨਾਲ਼ ਨਾਲ਼ ਖ਼ਿਆਲਾਂ ਦੀ ਉਡਾਰੀ ਹਵਾ ਵਿੱਚ ਉੱਡਦੇ ਫ਼ੰਬਿਆਂ ਵਾਂਗ ਮਨ ਦੇ ਵਿਹੜੇ ਵਿੱਚ ਕਈ ਦ੍ਰਿਸ਼ ਚਿੱਤਰ ਰਹੀ ਸੀ।
ਜੁਆਕ ਕਿੰਨੀ ਛੇਤੀ ਵੱਡੇ ਹੋ ਜਾਂਦੇ ਨੇ, ਪਤਾ ਈ ਨਹੀਂ ਲਗਦਾ। ਉਹ ਸੋਚ ਰਿਹਾ ਸੀ। ਇਸ ਵਿਆਹ ਵਾਲੇ ਮੁੰਡੇ ਨੂੰ ਪਹਿਲੇ ਦਿਨ ਸਕੂਲ ਛੱਡ ਕੇ ਆਏ ਸਨ ਸਾਰੇ ਮਿੱਤਰ ਮਿਲ ਕੇ। ਲਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੈ। ਕੱਲ੍ਹ … ਉਹ ਮੁਸਕੁਰਾਇਆ … ਤਮਾਮ ਬੀਤਿਆ ਵੇਲ਼ਾ ਕੱਲ੍ਹ ਹੀ ਤਾਂ ਹੁੰਦਾ ਹੈ। ਪਰ ਆਉਣ ਵਾਲਾ ਵੇਲ਼ਾ ਵੀ ਕੱਲ੍ਹ ! ਕਮਾਲ ਹੈ, ਸਮੇਂ ਦੀ ਵੰਡ ਕਰਨ ਵਾਲੇ ਕੋਲ਼ ਕੋਈ ਹੋਰ ਸ਼ਬਦ ਕਿਉਂ ਨਹੀਂ ਸੀ, ਕੁਝ ਤਾਂ ਵੱਖਰਾ ਹੁੰਦਾ। ਹਾਂ, ਪਰਸੋਂ ਸ਼ਬਦ ਜਰੂਰ ਹੈ। ਕੱਲ੍ਹ, ਅੱਜ ਅਤੇ ਭਲਕ …. ਚਲੋ, ਆਪਾਂ ਕੀ ਲੈਣਾ … ਆਪਣੇ ਕੋਲ਼ ਅੱਜ ਤਾਂ ਹੈ ਅਤੇ ਅੱਜ ਮੇਰੇ ਯਾਰ ਦੇ ਬੇਟੇ ਦੀ ਰਿਸੈਪਸ਼ਨ ਹੈ, ਕਿਆ ਬਾਤਾਂ ਬੁਰਰਰਾਅਅਅ!
ਉਸ ਨੇ ਗੱਡੀ ਹੋਰ ਖਿੱਚ ਲਈ। ਅਚਾਨਕ ਕੋਈ ਪਸ਼ੂ ਅੱਗੇ ਆ ਗਿਆ। ਉਸ ਨੇ ਬਰੇਕ ਮਾਰੀ ਤੇ ਮਨ ਵਿੱਚ ਮੋਟੀ ਗਾਲ੍ਹ ਕੱਢ ਕੇ ਗੱਡੀ ਪਾਸੇ ਲਾ ਗਈ।
ਯਾਰ, ਮੈਂ ਪਹਿਲਾਂ ਹੀ ਐਨੀ ਡੱਫ਼ ਲਈ ਹੈ ਕਿ ਹੁਣ ਤਾਂ ਹੋਰ ਗੁੰਜਾਇਸ਼ ਹੀ ਨਹੀਂ ਬਚੀ। ਜੇ ਇਹ ਫ਼ੰਕਸ਼ਨ ਯਾਦ ਹੁੰਦਾ ਤਾਂ ਦੁਪਿਹਰ ਵਾਲੀ ਪਾਰਟੀ ਵਿੱਚ ਨਾ ਜਾਂਦਾ, ਤਾਂ ਕਿੰਨਾ ਚੰਗਾ ਹੁੰਦਾ। ਕਿਉਂ ਨਾ ਰਹਿਣ ਹੀ ਦੇਵਾਂ। ਮੈਥੋਂ ਤਾਂ ਪਸ਼ੂ ਹੀ ਚੰਗੇ ਨੇ, ਜੋ ਰੋਕ ਕੇ ਆਖ਼ ਰਹੇ ਨੇ ਕਿ ਮੂਰਖਾ, ਘਰ ਜਾਹ ਆਰਾਮ ਕਰ ਕਿਹੜੇ ਕੰਮਾਂ ਚ ਪਿਆ ਹੈਂ? ਸ਼ਗਨ ਸਵੇਰੇ ਦੇ ਆਵੀਂ।
ਉਹ ਅੱਖਾਂ ਬੰਦ ਕੇ ਬੈਠਾ ਰਿਹਾ। ਪਹਿਲਾਂ ਚਲ ਰਿਹਾ ਗੀਤ ਮੁੱਕ ਗਿਆ ਅਤੇ ਨਵੇਂ ਗੀਤ ਨੇ ਸ਼ੁਰੂਆਤ ਹੀ ਚੰਗੇ ਧਮਾਕੇ ਜਿਹੇ ਨਾਲ਼ ਕੀਤੀ। ਉਸ ਚੇਤੰਨ ਹੋ ਗਿਆ।
ਹੁਣ ਅੱਧ ਵਿਚਕਾਰ ਤਾਂ ਆ ਹੀ ਗਿਆ ਹੈ, ਦੋ ਚਾਰ ਮਿੰਟ ਬੈਠ ਕੇ ਮੁੜ ਆਵਾਂਗੇ। ਨਾਲ਼ੇ ਇਹ ਕੰਮ ਫ਼ਿਰ ਰਹਿੰਦਿਆਂ ਰਹਿੰਦਿਆਂ ਰਹਿ ਹੀ ਜਾਂਦੇ ਨੇ। ਇਹ ਸੋਚ ਕੇ ਉਸ ਨੇ ਗੱਡੀ ਫ਼ਿਰ ਤੋਰ ਲਈ।
ਗੇਟ ਉੱਤੇ ਪਹਿਲਾਂ ਹੀ ਉਡੀਕ ਰਹੇ ਮਿੱਤਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇੱਕ ਵੇਟਰ ਟਰੇਅ ਵਿੱਚ ਸ਼ਰਾਬ ਦੇ ਪੈੱਗ ਸਜਾ ਕੇ ਗੇਟ ਤੇ ਹੀ ਖਲੋਤਾ ਸੀ। ਕਿਆ ਬਾਤਾਂ !
“ਚੱਕੋ ਭਾਜੀ! ਇਹ ਤੁਹਾਡੇ ਲਈ ਸਪੈਸ਼ਲ ਖਲੋਤਾ ਹੈ।”
“ਅੱਛਾ! ਆਹ ਲਓ ਫ਼ੇਰ, ਚੀਅਰਜ਼ ਮਿੱਤਰੋ!”
ਸਭ ਨੇ ਗੇਟ ਤੇ ਹੀ ਦਾਰੂ ਦੀ ਇੱਕ ਇੱਕ ਪੌੜੀ ਚੜ੍ਹ ਲਈ। ਅੰਦਰ ਲੋਕਾਂ ਦਾ ਕੁਰਬਲ ਕੁਰਬਲ ਕਰਦਾ ਇਕੱਠ, ਡੀ. ਜੇ. ਉੱਤੇ ਚਲ ਰਹੇ ਗੀਤ ਸੰਗੀਤ ਨੇ ਸਮਾਂ ਬੰਨ੍ਹਿਆ ਹੋਇਆ ਸੀ।
ਮੁੰਡੇ ਦੇ ਪਿਉ ਨੇ ਲਾੜੇ ਤੋਂ ਵੱਧ ਟਉਰ੍ਹ ਕੱਢ ਰੱਖੀ ਸੀ। ਉਹ ਕੋਲ਼ ਆਇਆ ਤਾਂ ਅਮਰ ਨੇ ਕੋਟ ਦੀ ਜੇਬ ਵਿੱਚ ਰੱਖਿਆ ਸ਼ਗਨ ਦਾ ਲਿਫ਼ਾਫ਼ਾ ਉਸਨੂੰ ਫ਼ੜਾਇਆ ਅਤੇ ਮੁਬਾਰਕ ਦਿੱਤੀ। ਫੋਟੋਗ੍ਰਾਫ਼ਰ ਨੇ ਇਹ ਪਲ ਆਪਣੇ ਵੀਡੀਉ ਅਤੇ ਫ਼ੋਟੋ ਵਿੱਚ ਕੈਦ ਕਰ ਲਏ।
ਉਸ ਨੇ ਸੋਚਿਆ, ਹੁਣ ਚੱਲਣਾ ਚਾਹੀਦਾ ਹੈ। ਬਹੁਤ ਦੇਰ ਹੋ ਗਈ ਹੈ।
“ਬੱਲੇ ਬੱਲੇ ਬੱਲੇ, ਬਾਈ ਜੀ ਆਉ ਏਧਰ ਬੈਠੋ ਸਾਡੇ ਨਾਲ਼ ਵੀ ਦੋ ਘੜੀ !” ਇਹ ਇੱਕ ਖ਼ੂੰਜੇ ਵਿੱਚ ਸਜੇ ਦੋ ਟੇਬਲਾਂ ਤੋਂ ਆਈ, ਸਭ ਮਿੱਤਰ ਬੇਲੀ ਬੈਠੇ ਸਨ। ਅਮਰ ਨੇ ਸਭ ਨਾਲ ਹੱਥ ਮਿਲਾਇਆ ਅਤੇ ਇੱਕ ਟੇਬਲ ਤੇ ਮਹਿਫ਼ਿਲ ਵਿੱਚ ਸ਼ਾਮਿਲ ਹੋ ਗਿਆ। ਦੂਰ ਤੱਕ ਕਾਫ਼ੀ ਲੋਕ ਟੇਬਲਾਂ ਉੱਤੇ ਖਾ-ਪੀ ਰਹੇ ਸਨ, ਜਿਵੇਂ ਕਿਸੇ ਸਾਧ ਦੇ ਚੇਲਿਆਂ ਦੀਆਂ ਮੰਡਲੀਆਂ ਹੁਣੇ ਹੀ ਟਰਾਲੀ ਚੋਂ ਉੱਤਰੀਆਂ ਹੋਣ।
ਹੁਣ ਤਾਂ ਕੁਝ ਦੇਰ ਹੋਰ ਬੈਠਣਾ ਹੀ ਪਊ, ਉਸ ਨੇ ਸੋਚਿਆ।
“ਲਿਆਉ ਬਈ ਲਿਆਉ ਭਾਜੀ ਲਈ ਪੈੱਗ ਬਣਾਉ !” ਇੱਕ ਜਣੇ ਨੇ ਵੇਟਰ ਨੂੰ ਆਵਾਜ਼ ਦਿੱਤੀ, ਜੋ ਤੁਰੰਤ ਹਰਕਤ ਵਿੱਚ ਆਇਆ ਅਤੇ ਇੱਕ ਪਿਆਲਾ ਤਿਆਰ ਕਰ ਕੇ ਪੇਸ਼ ਕਰ ਦਿੱਤਾ।
“ਚੀਅਰਜ਼ ! ਚੀਅਰਜ਼ !!”
ਏਧਰ ਉੱਧਰ ਦੀਆਂ ਗੱਲਾਂ ਹਵਾ ਵਿੱਚ ਖਿੱਲਰ ਰਹੀਆਂ ਸਨ, ਜਿਵੇਂ ਝੱਖੜ ਹਨੇਰੀ ਮਗਰੋਂ ਗਲ਼ੀਆਂ ਵਿੱਚ ਲਿਫ਼ਾਫ਼ੇ …
“ਉਏ ਉਹ ਦੇਖ ਓਧਰ”… ਨਾਲ਼ ਬੈਠੇ ਇੱਕ ਜਾਣਕਾਰ ਨੇ ਟੇਬਲ ਦੇ ਐਨ ਸਾਹਮਣੇ ਬਾਰ ਉੱਤੇ ਮੁਸਕੁਰਾ ਰਹੀਆਂ ਦੋ ਔਰਤਾਂ ਵੱਲ ਇਸ਼ਾਰਾ ਕੀਤਾ। ਉਹ ਸਭ ਨੂੰ ਬੜੇ ਸਲੀਕੇ ਨਾਲ ਸ਼ਰਾਬ ਵਰਤਾ ਰਹੀਆਂ ਸਨ।
“ਯਾਰ ਕੀ ਜ਼ਮਾਨਾ ਆ ਗਿਆ … ਹੁਣ ਆਹੀ ਵੇਖਣਾ ਬਾਕੀ ਰਹਿ ਗਿਆ ਸੀ। ਪੰਜਾਬ ਨੇ ਸੱਚਮੁੱਚ ਤਰੱਕੀ ਕਰ ਲਈ ਹੈ। ਪਹਿਲਾਂ ਡੀ. ਜੇ. ਉੱਤੇ ਨਾਚ ਗਾਣਾ ਪੇਸ਼ ਕਰਨ ਲਈ ਕੁੜੀਆਂ ਲਈ ਰਾਹ ਖੋਲ੍ਹੇ ਅਤੇ ਹੁਣ ਉਨ੍ਹਾਂ ਨੂੰ ਵੇਟਰ ਵੀ ਬਣਾ ਦਿੱਤਾ ਹੈ। ਪਾਪੀ ਪੇਟ ਦਾ ਸਵਾਲ ਹੈ।”
“ਛੱਡ ਯਾਰ, ਮਜ਼ੇ ਲੈ। ਵੇਖ ਸਾਡੇ ਵੱਲ ਕਿਵੇਂ ਅੱਖ-ਮਟੱਕਾ ਕਰ ਰਹੀਆਂ ਨੇ।”
ਅਮਰ ਨੇ ਵੇਖਿਆ, ਉਹ ਦੋਵੇਂ ਸੱਚਮੁਚ ਇੰਝ ਹੀ ਕਰਦੀਆਂ ਜਾਪ ਰਹੀਆਂ ਸਨ। ਉਸ ਨੇ ਆਸੇ ਪਾਸੇ ਵੇਖਿਆ, ਹੋਰ ਵੀ ਤਾਂ ਟੇਬਲ ਲੱਗੇ ਹੋਏ ਨੇ। ਇਹ ਮੇਰਾ ਭਰਮ ਹੋ ਸਕਦਾ ਹੈ, ਸ਼ਾਇਦ ਜਿਆਦਾ ਚੜ੍ਹ ਗਈ ਹੈ ਅਤੇ ਦਿਮਾਗ ਦੀ ਗਰਾਰੀ ਫ਼ਸ ਗਈ ਹੈ। ਉਸਨੇ ਉਨ੍ਹਾਂ ਵਿੱਚੋਂ ਇੱਕ ਵੱਲ ਨੀਝ ਲਾ ਕੇ ਵੇਖਿਆ। ਉਸ ਨੂੰ ਜਾਪਿਆ ਉਹ ਉਸ ਵੱਲ ਵੇਖ ਰਹੀ ਹੈ, ਉਸ ਵੱਲ ਆਉਣਾ ਚਾਹੁੰਦੀ ਹੈ। ਉਹ ਵੀ ਤਾਂ ਇਹੀ ਚਾਹੁੰਦਾ ਹੈ, ਉਸ ਨਾਲ ਗੱਲਾਂ ਕੀਤੀਆਂ ਜਾਣ। ਉਸ ਦੀ ਖ਼ਿਆਲ ਉਡਾਰੀ ਅਜੀਬੋ ਗ਼ਰੀਬ ਦੁਨੀਆਂ ਵੱਲ ਖ਼ਿੱਚ ਰਹੀ ਸੀ। ਆਪਣੇ ਕੰਮ ਲੱਗੀਆਂ ਦੋਵੇਂ ਔਰਤਾਂ ਵਿੱਚੋਂ ਇੱਕ ਵੱਲ ਉਸ ਦਾ ਧਿਆਨ ਵਾਰ ਵਾਰ ਜਾ ਰਿਹਾ ਸੀ। ਅਨੇਕਾਂ ਰੰਗੀਨ ਕਲਪਨਾਵਾਂ ਦੀ ਘੁੰਮਣਘੇਰੀ ਵੱਡੀ ਹੁੰਦੀ ਜਾ ਰਹੀ ਸੀ। ਪਰ ਕਿਤੇ ਨਾ ਕਿਤੇ ਮਨ ਅੰਦਰ ਸਵਾਲ ਜਵਾਬ ਦਾ ਸਿਲਸਿਲਾ ਸੀ, ਜੋ ਇਸ ਵਰਤਾਰੇ ਵਿੱਚ ਵਿਘਨ ਪਾ ਰਿਹਾ ਸੀ।
ਉਸ ਨੂੰ ਇੱਕ ਬੰਦੇ ਦੀ ਸੁਣਾਈ ਗੱਲ ਅਚਾਨਕ ਚੇਤੇ ਆਈ ਕਿ ਕਿਵੇਂ ਇੱਕ ਬੰਦਾ ਪੰਛੀ ਬਣ ਕੇ ਉੱਡਣਾ ਚਾਹੁੰਦਾ ਸੀ, ਤਾ ਕਿ ਜਿਸ ਹਰਿਆਲੀ ਅਤੇ ਆਨੰਦ ਭਰਪੂਰ ਮਾਹੌਲ ਵਿੱਚ ਉਹ ਮਹਿਕਾਂ ਵੰਡਦੀ ਜਿੰਦਗੀ ਜੀ ਰਿਹਾ ਸੀ, ਉਸ ਜ਼ਮੀਨ ਨੂੰ ਅੰਬਰਾਂ ਦੀ ਉਚਾਈ ਤੇ ਜਾ ਕੇ ਵੇਖੇ ਕਿ ਉੱਥੋਂ ਉਹ ਕਿਹੋ ਜਿਹੀ ਜਾਪਦੀ ਹੈ। ਪਰ ਇਸ ਦੇ ਉਲਟ ਉਸ ਅੰਦਰ ਸੱਪ ਦੀ ਰੂਹ ਆ ਗਈ। ਸੱਪ ਬਣਦਿਆਂ ਉਹ ਉਸ ਜ਼ਮੀਨ ਵਿਚ ਮੌਜੂਦ ਖ਼ੂਹ ਵਿੱਚ ਉਤਰਨ ਲੱਗਿਆ। ਇਹ ਕੀ! ਸਾਰੀ ਹਰਿਆਲੀ ਖ਼ਤਮ ਹੋਣੀ ਸ਼ੁਰੂ ਹੋ ਗਈ। ਖ਼ੂਹ ਅੰਦਰਲਾ ਹਨੇਰਾ ਹਾਵੀ ਹੋਣ ਲੱਗਿਆ। ਉਹ ਹਨੇਰੇ ਵਿੱਚ ਚਮਕਣ ਵਾਲੀ ਹਰ ਸ਼ੈਅ ਵੱਲ ਹੈਰਾਨੀ ਨਾਲ ਵੇਖਦਾ। ਉਸ ਦਾ ਦਮ ਘੁਟਣ ਲੱਗਿਆ। ਉਹ ਤੁਰੰਤ ਉਸ ਖ਼ੂਹ ਵਿੱਚੋਂ ਬਾਹਰ ਆਉਣਾ ਚਾਹੁੰਦਾ ਸੀ। ਲੇਕਿਨ ਉਹ ਨਿਰੰਤਰ ਹਨੇਰੇ ਅੰਦਰ ਗੁਆਚਦਾ ਜਾ ਰਿਹਾ ਸੀ, ਕਿਸੇ ਅਨੰਤ ਗਹਿਰੀ ਗੁਫ਼ਾ ਦਾ ਅਸਰ ਬੇਹੱਦ ਹਾਵੀ ਸੀ। ਇਹ ਖ਼ਿਆਲ ਆਉਂਦਿਆਂ ਹੀ ਉਸ ਦੀ ਸੋਚਾਂ ਦੀ ਲੜੀ ਟੁੱਟ ਗਈ।
ਉਸ ਨੇ ਦੁਬਾਰਾ ਆਪਣੇ ਆਲ਼ੇ ਦੁਆਲੇ ਵੇਖਿਆ। ਲਗਦਾ ਨਸ਼ਾ ਉੱਤਰ ਗਿਆ ਸੀ।
ਖ਼ਿਆਲਾਂ ਦੀ ਲੜੀ ਵਿੱਚ ਪਤਾ ਨਹੀਂ ਕਿੱਧਰੋਂ ਉਸ ਨੂੰ ਆਪਣਾ ਚਾਚਾ ਯਾਦ ਆ ਗਿਆ, ਜੋ ਕਦੋਂ ਦਾ ਦੁਨੀਆਂ ਤੋਂ ਜਾ ਚੁੱਕਾ ਹੈ। ਚਾਚਾ ਅਤੇ ਤਾਇਆ ਦੋਵੇਂ ਬੀੜੀਆਂ ਪੀਣ ਦੇ ਆਦੀ ਸਨ। ਇੱਕ ਦਿਨ ਉਹ ਦੋਵੇਂ ਕੋਲ਼ ਬੈਠੇ ਸਨ ਅਤੇ ਬੜੀ ਮਾਸੂਮੀਅਤ ਨਾਲ ਉਸਨੇ ਆਪਣੇ ਚਾਚੇ ਨੂੰ ਪੁੱਛਿਆ “ਤੁਸੀਂ ਆਹ ਬੀੜੀ ਵਰਗੀ ਬਲਾ ਕਦੋਂ ਆਪਣੇ ਗਲ਼ ਪਾ ਲਈ, ਛੱਡੋ ਪਰ੍ਹਾਂ ਇਸ ਨੂੰ …”
“ਬੇਟੇ, ਬੱਸ ਨਿਆਣਪੁਣੇ ਵਿੱਚ ਆਪਣੇ ਯਾਰਾਂ ਬੇਲੀਆਂ ਦੀ ਢਾਣੀ ਵਿੱਚ ਸੂਟਾ ਮਾਰਿਆ ਸੀ, ਫ਼ਿਰ ਜ਼ਿੰਦਗੀ ਇਸ ਦੇ ਧੂੰਏਂ ਦੇ ਬੱਦਲ ਵਿੱਚ ਕੈਦ ਹੋ ਗਈ। ਡਾਕਟਰ ਵੀ ਤੇਰੇ ਸਾਹਮਣੇ ਦਬਕੇ ਮਾਰ ਰਹੇ ਸੀ, ਪਰ … .”
ਉਹ ਆਪਣੇ ਬਾਰੇ ਸੋਚਣ ਲੱਗਿਆ। ਯਾਰ ਸ਼ਰਾਬ ਤਾਂ ਮੈਂ ਵੀ ਇੰਝ ਹੀ ਸ਼ੁਰੂ ਕੀਤੀ ਸੀ। ਹੁਣ ਇਹ ਆਲਮ ਹੈ ਕਿ ਹਰ ਸ਼ਾਮ-ਇੱਕ ਜਾਮ, ਆਪਣੀ ਕਾਰ – ਕਾਰੋਬਾਰ … ਭਾਵ ਕਾਰ ਵਿੱਚ ਬਾਰ .. ਕਾਰ-ਓ-ਬਾਰ ! ਹੁਣ ਏਥੇ ਬੈਠ ਕੇ ਕਿਹੜੇ ਖ਼ੂਹ ਵਿੱਚ ਗਰਕਦਾ ਜਾ ਰਿਹਾ ਹਾਂ। ਇਸ ਸਭ ਬਦਲਣਾ ਪਵੇਗਾ …
“ਚੰਗਾ ਮੈਂ ਚਲਦਾ ਹਾਂ”, ਆਖ਼ ਕੇ ਉਹ ਝਟਕੇ ਨਾਲ ਉੱਠਿਆ।
“ਯਾਰ ਬੈਠ ਅਜੇ ਤਾਂ ਮਹਿਫ਼ਿਲ ਜਵਾਨ ਹੈ” … ਇਹ ਉਸ ਨਾਲ ਬੈਠੇ ਦੋਸਤ ਦੀ ਆਵਾਜ਼ ਸੀ, ਪਰ ਹੁਣ ਉਹ ਇਸ ਮਾਹੌਲ ਵਿੱਚ ਤੁਰੰਤ ਬਾਹਰ ਜਾ ਰਿਹਾ ਸੀ।
ਸ਼ਰਾਬ ਦੇ ਕਾਉਂਟਰ ਕੋਲੋਂ ਲੰਘਦਿਆਂ ਉਹ ਬਾਰਟੈਂਡਰ ਕੁੜੀਆਂ ਕੋਲ ਰੁਕਿਆ। ਜੇਬ ਵਿੱਚੋਂ ਇੱਕ ਵੱਡਾ ਨੋਟ ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜਾਇਆ ਤੇ ਕਿਹਾ
“ਤੁਸੀਂ ਵਧੀਆ ਕੰਮ ਕਰ ਰਹੇ ਹੋ। ਸਲਾਮਤ ਰਹੋ, ਖ਼ੁਸ਼ ਰਹੋ, ਆਬਾਦ ਰਹੋ।”
ਇਹ ਆਖ਼ ਕੇ ਉਹ ਬਾਹਰ ਆਇਆ ਅਤੇ ਉਸ ਨੂੰ ਲੱਗਿਆ ਜਿਵੇਂ ਉਹ ਕਿਸੇ ਖ਼ੂਹ ਵਿੱਚੋਂ ਬਾਹਰ ਨਿੱਕਲ ਆਇਆ ਹੋਵੇ।
—

