← Back to all writings
Punjabi

ਬਾਪੂ

Daily Ajit · 14 January, 2024

Original publication

Select an image to view it larger.

Read the text

ਬਾਪੂ

ਕਹਾਣੀ

ਖੇਤਾਂ ਵਿੱਚ ਖਿੜੇ ਸਰ੍ਹੋਂ ਦੇ ਫ਼ੁੱਲਾਂ ਨੂੰ ਵੇਖ ਕੇ ਰਾਮੇ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੂੰ ਜਾਪਿਆ ਜਿਵੇਂ ਉਸਦੇ ਬਾਪੂ ਦੇ ਖੱਟੇ ਪਟਕੇ ਦਾ ਰੰਗ ਫ਼ਿਜ਼ਾਵਾਂ ਵਿੱਚ ਘੁਲ ਕੇ ਇਨ੍ਹਾਂ ਖੇਤਾਂ ਵਿੱਚ ਫ਼ੈਲ ਗਿਆ ਹੋਵੇ। ਮਨ ਵਿੱਚ ਟੀਸ ਜਿਹੀ ਉੱਠੀ। ਉਹ ਗੋਲ਼ ਕੇਸਰੀ ਦਸਤਾਰ ਸਜਾਉਂਦੇ ਅਤੇ ਲੱਕ ਨੂੰ ਕਮਰਕੱਸਾ ਬੰਨ੍ਹ ਕੇ ਰੱਖਦੇ। ਬਾਣੀ ਅਤੇ ਬਾਣਾ ਉਨ੍ਹਾਂ ਦੀ ਰੂਹ ਵਿੱਚ ਵਸ ਗਿਆ ਸੀ। ਹਰ ਵੇਲੇ ਸਿਮਰਨ ਕਰਦੇ ਰਹਿੰਦੇ ਅਤੇ ਪੂਰੀ ਚੁਸਤੀ ਫ਼ੁਰਤੀ ਨਾਲ਼ ਘਰ ਅਤੇ ਬਾਹਰ ਦਾ ਸਾਰਾ ਕਾਰ ਵਿਹਾਰ ਸਾਂਭਦੇ।

ਬਾਪੂ ਨੂੰ ਗਿਆਂ ਹੁਣ ਦੋ ਮਹੀਨੇ ਹੋ ਚੁੱਕੇ ਸਨ। ਉਹ ਕਦੇ ਵੀ ਉਸ ਕੋਲੋਂ ਵੱਖ ਨਹੀਂ ਹੋਇਆ ਸੀ। ਪਰ ਚੰਗੇ ਬੰਦਿਆਂ ਦੀ ਰੱਬ ਦੇ ਘਰ ਵੀ ਲੋੜ ਹੁੰਦੀ ਹੈ। ਅਜਿਹਾ ਬਾਪੂ ਦਾ ਅਫ਼ਸੋਸ ਕਰਨ ਆਏ ਬੰਦਿਆਂ ਵਿਚੋਂ ਇੱਕ ਕਰੜ-ਬਰੜ ਦਾੜ੍ਹੀ ਵਾਲਾ ਬੰਦਾ ਆਖ਼ ਰਿਹਾ ਸੀ। ਪਰ ਰਾਮਾ ਸੋਚਦਾ ਕਿ ਰੱਬ ਕੋਲ਼ ਬੰਦਿਆਂ ਦੀ ਕਿਹੜੀ ਘਾਟ ਹੈ। ਉਸਨੇ ਮੇਰੇ ਬਾਪੂ ਨੂੰ ਕਿਉਂ ਸੱਦ ਲਿਆ? ਆਪਣੇ ਦਿੱਸਦੇ, ਪਰ ਬੇਗ਼ਾਨਿਆਂ ਨਾਲ਼ ਭਰੀ ਇਸ ਦੁਨੀਆਂ ਵਿੱਚ ਹੁਣ ਉਸ ਦਾ ਕੀ ਬਣੇਗਾ? 

ਚਲੋ ਜੀ ਛੇਤੀ ਕਰੋ … ਇਸ਼ਨਾਨ ਕਰਵਾਉ .. ਕਿਸੇ ਆਖਿਆ ਸੀ। ਫ਼ਿਰ ਦੋਵੇਂ ਭਰਾ ਅਤੇ ਉਨ੍ਹਾਂ ਦੇ ਦੋਸਤ ਕਿਸੇ ਬੇਬਸ ਮਸ਼ੀਨ ਵਾਂਗ ਰਸਮ ਵਿਚ ਜੁਟ ਗਏ। ਰਾਮੇ ਨੂੰ ਚੇਤਾ ਆਇਆ ਕਿਵੇਂ ਉਹ ਛੁੱਟੀਆਂ ਵਿੱਚ ਆਪਣੇ ਦਾਦਕੇ ਪਿੰਡ ਜਾਂਦੇ ਅਤੇ ਬਾਪੂ ਦੀ ਘਨੇੜੀ ਚੜ੍ਹ ਕੇ ਮੋਟਰ ਤੇ ਨਹਾਉਣ ਜਾਂਦੇ।

ਓਦੋਂ ਦੋ ਹੀ ਸਾਬਣ ਹੁੰਦੇ, ਲਾਲ ਸਾਬਣ ਨਹਾਉਣ ਲਈ ਅਤੇ ਚਿੱਟਾ ਕੱਪਣੇ ਧੋਣ ਲਈ। ਇੱਟ ਵਰਗਾ ਸਾਬਣ ਕਈ ਵਾਰ ਪਿੰਡੇ ਤੇ ਚੁੱਭਦਾ। ਉਸ ਵਿੱਚ ਫਸਿਆ ਰੇਤਾ ਰੇਗਮਾਰ ਹੀ ਬਣ ਜਾਂਦਾ। ਪਰ ਉਹ ਸਮਾਂ ਕਮਾਲ ਦਾ ਯਾਦਗਾਰ ਬਣ ਜਾਂਦਾ। ਨਹਾਉਣ ਤੋਂ ਮਗਰੋਂ ਬਾਪੂ ਦੇ ਸਾਈਕਲ ਮੂਹਰੇ ਬੈਠ ਕੇ ਪਿੰਡ ਦਾ ਗੇੜਾ ਲਾਉਣਾ ਅਤੇ ਹੱਟੀਆਂ ਤੋਂ ਸੁਗਾਤਾਂ ਖ਼ਰੀਦਣੀਆਂ, ਅਲੱਗ ਹੀ ਦੁਨੀਆਂ ਹੁੰਦੀ।

ਅੰਤਿਮ ਸਫ਼ਰ ਵਿੱਚ ਬਹੁਤ ਲੋਕ ਪਹੁੰਚੇ। ਉਹ ਬਾਪੂ ਦੇ ਸੋਹਲੇ ਗਾ ਰਹੇ ਸਨ ਅਤੇ ਦਿਆਨਤਦਾਰੀ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ। ਇੱਕ ਹਟਵਾਣੀਏ ਨੇ ਆਖ਼ਿਆ, ਉਹ ਕੱਲ੍ਹ ਹੀ ਮੇਰੀ ਦੁਕਾਨ ਤੇ ਆਏ ਅਤੇ ਪੁੱਛਿਆ ਕਿ ਲਾਲਾ ਜੀ ਆਪਣਾ ਹਿਸਾਬ ਕਰ ਲਓ ਅਤੇ ਖ਼ਾਤੇ ਤੇ ਲਕੀਰ ਮਾਰ ਦਿਓ। ਅਜਿਹਾ ਹੀ ਕਈ ਹੋਰਨਾਂ ਨੇ ਵੀ ਆਖ਼ਿਆ। ਫ਼ਿਰ ਇਕ ਦਾਨਾਂ ਬੋਲਿਆ ਕਿ ਬਈ ਜਦੋਂ ਬੰਦੇ ਦੇ ਜਾਣ ਦਾ ਸਮਾਂ ਆਉਂਦਾ ਹੈ ਤਾਂ ਉਸ ਬੰਦੇ ਨੂੰ ਅਹਿਸਾਸ ਹੋ ਜਾਂਦਾ ਹੈ। ਪਰ ਕਦੋਂ ਜਾਣਾ ਹੈ, ਇਹ ਪਤਾ ਨਹੀਂ ਲਗਦਾ। 

ਰਾਮਾ ਸਭ ਕੁਝ ਸੁਣ ਰਿਹਾ ਸੀ। ਇਹ ਲੋਕ ਅਜਿਹੇ ਸਮੇਂ ਵਿੱਚ ਇਹ ਕਿਹੜੀਆਂ ਗੱਲਾਂ ਕਰ ਰਹੇ ਹਨ। ਸਿਵਿਆਂ ਵਿੱਚ ਪਹੁੰਚ ਕੇ ਇੱਕ ਦੋ ਜਣਿਆਂ ਨੇ ਕਮਾਨ ਸਾਂਭ ਲਈ। ਉਹ ਲੱਕੜ, ਪਾਥੀ, ਸਰਕੰਡਾ ਆਦਿ ਇਵੇਂ ਚਿਣ ਰਹੇ ਸਨ ਜਿਵੇਂ ਇਹ ਉਨ੍ਹਾਂ ਦਾ ਨਿੱਤ ਦਾ ਕੰਮ ਹੋਵੇ। 

ਇਸੇ ਦੀਵਾਲੀ ਵਾਲੀ ਸ਼ਾਮ ਸਾਰਾ ਪਰਿਵਾਰ ਕਿੰਨਾ ਖ਼ੁਸ਼ ਸੀ। ਆਪੋ ਆਪਣੇ ਰੰਗ ਹਰ ਜੀਅ ਮਸਤ ਹੋ ਕੇ ਰੌਸ਼ਨੀਆਂ ਦੇ ਤਿਓਹਾਰ ਦਾ ਆਨੰਦ ਮਾਣ ਰਿਹਾ ਸੀ। ਦੇਵੀ ਦੇਵਤੇ, ਗੁਰੂ ਪੀਰ ਸਭ ਪੂਜੇ ਜਾ ਰਹੇ ਸਨ। ਰਾਮਾ ਅਤੇ ਬਾਪੂ ਦੋਵੇਂ ਬਹਿ ਕੇ ਗੱਪਸ਼ਪ ਵਿੱਚ ਰੁੱਝੇ ਹੋਏ ਸਨ। ਅਚਾਨਕ ਫ਼ੁਲਝੜੀ ਚਲਾਉਦੀ ਹੋਈ ਨੱਚਦੀ ਟੱਪਦੀ ਰਾਮੇ ਦੀ ਨਿੱਕੀ ਜਿਹੀ ਬੇਟੀ ਕਮਰੇ ਵਿੱਚ ਆਈ ਅਤੇ ਉਸ ਨੇ ਖੇਡ ਖੇਡ ਵਿੱਚ ਫ਼ੁਲਝੜੀ ਰਾਮੇ ਉੱਤੇ ਵਗਾਹ ਮਾਰੀ। ਰਾਮੇ ਦਾ ਇੱਕ ਹੱਥ ਲੂਹਿਆ ਗਿਆ। ਬਾਪੂ ਨੇ ਸਭ ਵੇਖ ਬੇਟੀ ਨੂੰ ਝਿੜਕ ਮਾਰ ਦਿੱਤੀ। ਇਹ ਵੇਖ ਕੇ ਰਾਮੇ ਨੇ ਮੂੰਹ ਫ਼ੁਲਾ ਲਿਆ। ਬਾਪੂ ਨੇ ਰਾਮੇ ਦਾ ਚਿਹਰਾ ਵੇਖਿਆ ਅਤੇ ਉੱਥੋਂ ਚਲਾ ਗਿਆ। ਜੋ ਆਪਣਿਆਂ ਨੂੰ ਫੁਲਝੜੀ ਦਾ ਸੇਕ ਲਗਦਾ ਵੇਖ ਨਹੀਂ ਸਹਾਰਦਾ ਸੀ, ਉਸਦੇ ਆਪਣੇ ਉਸਨੂੰ ਪੂਰੀ ਤਰਾਂ ਅਗਨੀ ਹਵਾਲੇ ਕਰਨ ਵਾਲ਼ੇ ਸਨ। 

ਲਟ ਲਟ ਕਰਕੇ ਬਲ ਰਹੀ ਚਿਤਾ ਵਿੱਚ ਆਪਣੇ ਪਿਤਾ ਨੂੰ ਵੇਖ ਰਾਮੇ ਨੇ ਅੱਖਾਂ ਬੰਦ ਕਰ ਲਈਆਂ। ਜਿਵੇਂ ਉਹ ਚਾਹੁੰਦਾ ਹੋਵੇ ਕਿ ਕਿਵੇਂ ਨਾ ਕਿਵੇਂ ਇਹ ਸਮਾਂ ਲੰਘ ਜਾਵੇ। ਇਹ ਸਭ ਖਤਮ ਹੋ ਜਾਵੇ ਤਾਂ ਕਿ ਉਹ ਆਪਣੇ ਪਿਓ ਦੀਆਂ ਯਾਦਾਂ ਦੇ ਰੁੱਖ ਹੇਠ ਜਾ ਬੈਠੇ।

…ਆਹ ਕੰਬਲ ਦਾ ਕੀ ਕਰੀਏ, ਕਿਸੇ ਨੇ ਪੁੱਛਿਆ

ਚਿਤਾ ਵਿੱਚ ਹੀ ਫੂਕ ਦਿਓ..  ਭੀੜ ਵਿੱਚੋ ਆਵਾਜ਼ ਆਈ

ਫੂਕਣੇ ਕਿਉਂ ਹਨ ਕਿਸੇ ਗਰੀਬ ਨੂੰ ਦੇ ਦਿਓ। 

ਭੀੜ ਵਿੱਚ ਘੁਸਰ ਮੁਸਰ ਹੋ ਰਹੀ ਸੀ। 

ਕੱਪੜੇ ਰੱਖ ਲਏ ਗਏ। ਕਿਸੇ ਗ਼ਰੀਬ ਦੇ ਕੰਮ ਆ ਜਾਣਗੇ … ਪਰ ਬਾਪੂ ਤੋਂ ਵਿੱਛੜ ਕੇ ਰਾਮਾ ਆਪਣੇ ਆਪ ਨੂੰ ਸਭ ਤੋਂ ਵੱਧ ਬੇਹਾਲ, ਗ਼ਰੀਬ ਤੇ ਇਕੱਲਾ ਮਹਿਸੂਸ ਕਰ ਰਿਹਾ ਸੀ। ਇਸ ਭਰੀ ਭਕੁੰਨੀ ਦੁਨੀਆਂ ਵਿੱਚ ਹੁਣ ਉਸ ਦਾ ਕੌਣ ਹੈ? 

ਇਹ ਸੋਚ ਕੇ ਇੱਕ ਵਾਰ ਤਾਂ ਰਾਮੇ ਨੂੰ ਝੁਣਝੁਣੀ ਆ ਗਈ ਸੀ। ਉਸ ਦਿਨ ਢਲ਼ਦਿਆਂ ਤੱਕ ਅੱਗ, ਧੂੰਆਂ, ਸੇਕ ਸਭ ਹੌਲ਼ੀ ਹੌਲ਼ੀ ਖ਼ਤਮ ਹੋ ਗਿਆ ਪਰ ਰੂਹ ਦੇ ਅੰਦਰ ਕਿਸੇ ਕੋਨੇ ਵਿੱਚ ਉਦਾਸੀ ਨੇ ਜਿਵੇਂ ਚੁਪਚਾਪ ਘਰ ਪਾ ਲਿਆ।

ਉਹ ਦੁਨੀਆਂ ਸਾਹਮਣੇ ਮੁਸਕੁਰਾਉਂਦਾ। ਜਿਵੇਂ ਉਸ ਨੂੰ ਸਾਰੀ ਦੁਨੀਆਂਦਾਰੀ ਦਾ ਪਤਾ ਲੱਗ ਗਿਆ ਹੋਵੇ। ਪਰ ਜਿਉਂ ਹੀ ਇਕੱਲਾ ਹੁੰਦਾ, ਅੱਖਾਂ ਵਿੱਚੋਂ ਆਪ ਮੁਹਾਰੇ ਨੀਰ ਵਹਿਣ ਲਗਦਾ। ਅੱਜ ਉਹ ਸ਼ਹਿਰ ਜਾ ਰਿਹਾ ਸੀ, ਆਪਣੀ ਮਾਤਾ ਨੂੰ ਬਾਪੂ ਦੀ ਪੈਂਨਸ਼ਨ ਬਾਰੇ ਕਾਗਜ਼ੀ ਕਾਰਵਾਈ ਪੂੁਰੀ ਕਰਨ ਲਈ, ਜੋ ਚੁਰਾਸੀ ਦੇ ਗੇੜ ਵਾਂਗ ਪੂਰੀ ਹੋਣ ਵਿੱਚ ਹੀ ਨਹੀਂ ਆ ਰਹੀ ਸੀ। ਕਾਰ ਚਲਾਉਂਦਿਆਂ ਉਸ ਨੇ ਖੱਬੀ ਸੀਟ ਦੇ ਹੱਥ ਫ਼ੇਰਿਆ ਅਤੇ ਮਹਿਸੂਸ ਕੀਤਾ ਕਿ ਬਾਪੂ ਉਸ ਦੇ ਨਾਲ਼ ਹੀ ਹੈ। 

ਉਏ ਤੂੰ ਕਿਉਂ ਫ਼ਿਕਰ ਕਰਦਾ ਹੈਂ? ਮੈਂ ਜਿਉਂਦਾ ਹਾਲੇ … ਦੇਖ ਲਵਾਂਗੇ … ਬਾਪੂ ਦੇ ਇਹ ਅਕਸਰ ਬੋਲੇ ਜਾਂਦੇ ਸ਼ਬਦਾਂ ਵਿੱਚ ਜਿਵੇਂ ਜਾਨ ਆ ਗਈ ਹੋਵੇ। ਉਸਦੇ ਚਿਹਰੇ ਤੇ ਮੁਸਕੁਰਾਹਟ ਜਿਹੀ ਆ ਗਈ। ਉਸ ਨੇ ਠੰਢਾ ਹਉਕਾ ਲਿਆ ਅਤੇ ਮੱਧਮ ਜਿਹੇ ਚੱਲ ਰਹੇ ਗੀਤ ਦੀ ਆਵਾਜ਼ ਵਧਾ ਦਿੱਤੀ …

… ਇੱਕ ਰਾਸਤਾ ਹੈ ਜ਼ਿੰਦਗੀ, ਜੋ ਥਮ ਗਏ ਤੋ ਕੁਛ ਨਹੀਂ

ਜਿਸ ਦਿਨ ਉਹ ਆਪਣੇ ਰਿਸ਼ਤੇਦਾਰਾਂ ਨਾਲ਼ ਬਾਪੂ ਦੇ ਫ਼ੁੱਲ ਤਾਰਨ ਗਿਆ, ਉਸ ਨੂੰ ਖ਼ਿੜੀ ਦੁਪਿਹਰ ਵੀ ਮੱਸਿਆ ਦੀ ਰਾਤ ਜਾਪ ਰਹੀ ਸੀ। ਜਦੋਂ ਘਰੋਂ ਤੁਰਨ ਲੱਗੇ ਤਾਂ ਪ੍ਰਚੱਲਿਤ ਰਸਮ ਮੁਤਾਬਕ ਆਵਾਜ਼ ਮਾਰੀ

ਬਾਪੂ ਜੀ, ਚਲੋ ਚੱਲੀਏ!

ਉਦੋਂ ਉਸਨੂੰ ਇੱਕ ਵਾਰੀ ਤਾਂ ਜਾਪਿਆ ਜਿਵੇਂ ਸੱਚੀਂ ਬਾਪੂ ਘਰ ਦੇ ਕਿਸੇ ਖ਼ੂੰਜੇ ਵਿੱਚੋਂ ਪ੍ਰਗਟ ਹੋ ਜਾਵੇਗਾ। ਪਰ ਅਜਿਹਾ ਕੁਝ ਨਹੀਂ ਹੋਇਆ। ਪੁਲ਼ ਤੇ ਖਲੋ ਕੇ ਫ਼ੁੱਲ ਤਾਰ ਦਿੱਤੇ। ਫ਼ਿਰ ਪੁਲ਼ ਪਾਰ ਕਰਕੇ ਹੇਠਾਂ ਕਿਨਾਰੇ ਤੇ ਬਣੀਆਂ ਪੌੜੀਆਂ ਤੇ ਬੈਠ ਗਏ। ਰਾਮਾ ਉਂਝ ਹੀ ਨੀਝ ਲਾ ਕੇ ਪੁਲ਼ ਵੱਲ ਵੇਖ ਰਿਹਾ ਸੀ। ਲੋਕ ਲਗਾਤਾਰ ਆ ਰਹੇ ਸਨ। ਮ੍ਰਿਤਕਾਂ ਦੇ ਫ਼ੁੱਲ, ਰਾਖ਼ ਪੁਲ਼ ਤੋਂ ਹੇਠਾਂ ਵਹਾਏ ਜਾ ਰਹੇ ਸਨ। ਕੋਈ ਸਰਦਾ ਪੁੱਜਦਾ ਬੰਦਾ ਵਾਹਵਾ ਸਜ ਧਜ ਕੇ ਸ਼ਾਨੋ ਸ਼ੌਕਤ ਨਾਲ਼ ਫ਼ੁੱਲ ਜਲ ਪ੍ਰਵਾਹ ਕਰ ਰਿਹਾ ਸੀ। ਕੋਈ ਮਹਾਤੜ ਇਕੱਲਾ ਦੁਕੱਲਾ ਹੀ ਆਉਂਦਾ, ਲਿਫ਼ਾਫ਼ੇ ਜਿਹੇ ਨੂੰ ਖੋਲ੍ਹਦਾ ਅਤੇ ਹਵਾ ਵਿੱਚ ਰਾਖ਼ ਉਡਾ ਦਿੰਦਾ। 

ਰਾਮੇ ਨੇ ਆਪਣੇ ਉਦਾਸ ਬੈਠੇ ਭਰਾ ਨੂੰ ਆਖ਼ਿਆ

ਓਧਰ ਧਿਆਨ ਨਾਲ਼ ਵੇਖ, ਕੀ ਹੋ ਰਿਹਾ ਹੈ। ਮੈਨੂੰ ਜਾਪਦਾ ਹੈ ਜਿਵੇਂ ਆਪਾਂ ਕਿਸੇ ਏਅਰਪੋਰਟ ਤੇ ਬੈਠੇ ਹੋਈਏ। ਫ਼ਲਾਈਟਾਂ ਉੱਤਰ ਰਹੀਆਂ ਹਨ। ਲਾਈਨ ਲੱਗੀ ਪਈ। ਨਿੱਕੇ ਵੱਡੇ ਹਰ ਤਰਾਂ ਦੇ ਜਹਾਜ਼ ਉੱਤਰ ਰਹੇ ਹਨ। 

ਛੋਟੇ ਭਰਾ ਨੇ ਪੁਲ਼ ਵੱਲ ਵੇਖਿਆ। ਇੱਕ ਵਿਅਕਤੀ ਨੇ ਆਪਣੀ ਜੇਬ ਵਿਚੋਂ ਲਿਫ਼ਾਫ਼ਾ ਕੱਢਿਆ, ਖੋਲ੍ਹਿਆ, ਸੁੱਟਿਆ ਅਤੇ ਚਲਦਾ ਬਣਿਆ। ਬੱਸ, ਐਨੀ ਕੁ ਤਾਂ ਗੱਲ ਹੈ। 

ਰਾਮੇ ਨੇ ਆਖ਼ਿਆ, ਯਾਰ, ਹੁਣ ਮੈਨੂੰ ਲਗਦਾ ਹੈ ਕਿ ਉਦਾਸ ਹੋਣ ਵਾਲੀ ਕੋਈ ਗੱਲ ਹੀ ਨਹੀਂ। ਇਹ ਰੂਹਾਂ ਦੀ ਵਿਦਾਇਗੀ ਦਾ ਅੱਡਾ ਹੈ। ਇੱਕ ਦਿਨ ਅਸੀਂ ਵੀ ਇੰਝ ਹੀ ਹਵਾ ਪਾਣੀ ਦੇ ਰੱਥ ਤੇ ਸਵਾਰ ਹੋ ਕੇ ਆਪਣੇ ਵਿਛੜੇ ਬਾਪੂ ਨੂੰ ਜਾ ਮਿਲਾਂਗੇ।

ਗੱਡੀ ਆਪਣੇ ਟਿਕਾਣੇ ਪਹੁੰਚ ਚੁੱਕੀ ਸੀ, ਸ਼ਾਇਦ … 

—-

Scroll to Top